*ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਅੰਗਰੇਜ਼ੀ ਵਿਸ਼ੇ ਦੀਆਂ ਨਵੀਆਂ ਅਸਾਮੀਆਂ ਸਿਰਜਣ ਅਤੇ ਸਮਾਜਿਕ ਵਿਗਿਆਨ ਦਾ ਵਜੂਦ ਬਰਕਰਾਰ ਰੱਖਣ ਦੀ ਮੰਗ - ਜੀਟੀਯੂ*
ਗੁਰਦਾਸਪੁਰ 21ਅਪ੍ਰੈਲ 2026
ਪੰਜਾਬ: ਗੌਰਮਿੰਟ ਟੀਚਰਜ਼ ਯੂਨੀਅਨ (GTU) ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਜਨਰਲ ਸਕੱਤਰ ਗੁਰਬਿੰਦਰ ਸਿੰਘ ਸਸਕੌਰ, ਪ੍ਰੈਸ ਸਕੱਤਰ ਕਰਨੈਲ ਸਿੰਘ ਫਿਲੋਰ ਦਿਲਦਾਰ ਭੰਡਾਲ ,ਗੁਰਪ੍ਰੀਤ ਸਿੰਘ ਅਮੀਵਾਲ, ਸੀਨੀਅਰ ਮੀਤ ਪ੍ਰਧਾਨ ਕੁਲਦੀਪ ਪੂਰੋਵਾਲ, ਗੁਰਦੀਪ ਸਿੰਘ ਬਾਜਵਾ ਰਸ਼ਪਾਲ ਸਿੰਘ ਵੜੈਚ ਅਤੇ ਤੀਰਥ ਸਿੰਘ ਬਾਸੀ ਨੇ ਸਿੱਖਿਆ ਵਿਭਾਗ ਅਤੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸਕੂਲਾਂ ਵਿੱਚ ਵਿਸ਼ਾ-ਵਾਰ ਅਧਿਆਪਕਾਂ ਦੀ ਲੋੜ ਨੂੰ ਪੂਰਾ ਕਰਨ ਲਈ ਅੰਗਰੇਜ਼ੀ ਦੀਆਂ ਨਵੀਆਂ ਪੋਸਟਾਂ ਸਿਰਜੀਆਂ ਜਾਣ।ਆਗੂਆਂ ਨੇ ਕਿਹਾ ਕਿ ਸਮਾਜਿਕ ਵਿਗਿਆਨ ਅਤੇ ਅੰਗਰੇਜ਼ੀ ਦੋਵੇਂ ਹੀ ਵਿਦਿਆਰਥੀਆਂ ਦੇ ਅਕਾਦਮਿਕ ਵਿਕਾਸ ਲਈ ਮਹੱਤਵਪੂਰਨ ਹਨ। ਸਮਾਜਿਕ ਵਿਗਿਆਨ ਜਿੱਥੇ ਵਿਦਿਆਰਥੀਆਂ ਨੂੰ ਇਤਿਹਾਸ, ਅਰਥ-ਸ਼ਾਸਤਰ ਅਤੇ ਸਮਾਜਿਕ ਸਰੋਕਾਰਾਂ ਨਾਲ ਜੋੜ ਕੇ ਇੱਕ ਜ਼ਿੰਮੇਵਾਰ ਨਾਗਰਿਕ ਬਣਾਉਂਦਾ ਹੈ, ਉੱਥੇ ਅੰਗਰੇਜ਼ੀ ਅੰਤਰਰਾਸ਼ਟਰੀ ਸੰਪਰਕ ਅਤੇ ਉਚੇਰੀ ਸਿੱਖਿਆ ਵਿੱਚ ਸਹਾਇਕ ਹੈ।ਯੂਨੀਅਨ ਆਗੂਆਂ ਨੇ ਸੁਝਾਅ ਦਿੱਤਾ ਕਿ ਕਿਸੇ ਇੱਕ ਵਿਸ਼ੇ ਦੀ ਪੋਸਟ ਨੂੰ ਦੂਜੇ ਵਿੱਚ ਤਬਦੀਲ ਕਰਨ ਦੀ ਬਜਾਏ, ਅੰਗਰੇਜ਼ੀ ਵਿਸ਼ੇ ਦੀ ਲੋੜ ਨੂੰ ਮੁੱਖ ਰੱਖਦਿਆਂ ਨਵੀਆਂ ਅਸਾਮੀਆਂ ਸਿਰਜੀਆਂ ਜਾਣ। ਇਸ ਨਾਲ ਦੋਵਾਂ ਵਿਸ਼ਿਆਂ ਵਿੱਚ ਸੰਤੁਲਨ ਬਣਿਆ ਰਹੇਗਾ ਅਤੇ ਸਿੱਖਿਆ ਦੀ ਗੁਣਵੱਤਾ ਵਿੱਚ ਵਾਧਾ ਹੋਵੇਗਾ। ਆਗੂਆਂ ਨੇ ਜ਼ੋਰ ਦਿੱਤਾ ਕਿ ਮੌਜੂਦਾ ਵਿੱਦਿਅਕ ਲੋੜਾਂ ਨੂੰ ਦੇਖਦੇ ਹੋਏ ਪੀਟਾ PETA (ਪੋਸਟ ਇਨਲਾਰਜਮੈਂਟ ਐਂਡ ਟੈਕਨੀਕਲ ਐਲੋਕੇਸ਼ਨ )ਦੇ ਘੇਰੇ ਵਿੱਚ ਵਾਧਾ ਕੀਤਾ ਜਾਵੇ। ਹਰ ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ ਮੁਤਾਬਕ ਹਰ ਵਿਸ਼ੇ ਦੇ ਮਾਹਿਰ ਅਧਿਆਪਕ ਦਾ ਹੋਣਾ ਲਾਜ਼ਮੀ ਹੈ ਤਾਂ ਜੋ ਬੱਚਿਆਂ ਦਾ ਸਰਬਪੱਖੀ ਵਿਕਾਸ ਹੋ ਸਕੇ।ਯੂਨੀਅਨ ਆਗੂਆਂ ਅਨੁਸਾਰ ਵਿਗਿਆਨਕ ਅਤੇ ਤਕਨੀਕੀ ਪੱਖ ਤੋਂ ਇਹ ਜ਼ਰੂਰੀ ਹੈ ਕਿ ਸਮਾਜਿਕ ਵਿਗਿਆਨ ਦੀਆਂ ਪੋਸਟਾਂ ਨੂੰ ਸੁਰੱਖਿਅਤ ਰੱਖਦੇ ਹੋਏ ਅੰਗਰੇਜ਼ੀ ਲਈ ਵੱਖਰਾ ਕੇਡਰ ਮਜ਼ਬੂਤ ਕੀਤਾ ਜਾਵੇ, ਤਾਂ ਜੋ ਵਿਦਿਆਰਥੀ ਕਿਸੇ ਵੀ ਗਿਆਨ ਤੋਂ ਵਾਂਝੇ ਨਾ ਰਹਿਣ।
GTU ਦੇ ਸਮੂਹ ਆਗੂਆਂ ਨੇ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਵਿਭਾਗ ਵਿੱਚ ਪੋਸਟਾਂ ਰੈਸ਼ਨਲਾਈਜ਼ੇਸ਼ਨ ਦੌਰਾਨ ਤਬਦੀਲੀ (Conversion) ਦਾ ਰਾਹ ਛੱਡ ਕੇ 'ਨਵੀਂ ਸਿਰਜਣਾ' ਦਾ ਰਾਹ ਅਪਣਾਇਆ ਜਾਵੇ। ਇਸ ਨਾਲ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ ਅਤੇ ਸਰਕਾਰੀ ਸਕੂਲਾਂ ਦਾ ਸਿੱਖਿਆ ਢਾਂਚਾ ਹੋਰ ਸੁਧਰੇਗਾ।