ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਵਪਾਰੀਆਂ ਦੀਆਂ ਸਮੱਸਿਆਵਾਂ ’ਤੇ ਉੱਚ ਪੱਧਰੀ ਚਰਚਾ
ਪਟਿਆਲਾ ਅਪ੍ਰੈਲ: ਪਟਿਆਲਾ ਜ਼ਿਲ੍ਹੇ ਵਿੱਚ ਵਪਾਰੀਆਂ ਦੀਆਂ ਮੁਸ਼ਕਲਾਂ ਦੇ ਤੁਰੰਤ ਹੱਲ ਲਈ ਡਿਪਟੀ ਕਮਿਸ਼ਨਰ ਸ੍ਰੀ ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਹੋਈ ਉੱਚ ਪੱਧਰੀ ਟਰੇਡਰਜ਼ ਕਮਿਸ਼ਨ ਦੀ ਮੀਟਿੰਗ ਦੌਰਾਨ 62 ਸ਼ਿਕਾਇਤਾਂ ਦਾ ਮੌਕੇ ’ਤੇ ਹੀ ਨਿਪਟਾਰਾ ਕੀਤਾ ਗਿਆ।
ਇਸ ਮੀਟਿੰਗ ਵਿੱਚ ਪੰਜਾਬ ਟਰੇਡਰਜ਼ ਕਮਿਸ਼ਨ ਦੇ ਮੈਂਬਰ ਸੰਜੀਵ ਗੁਪਤਾ, ਜ਼ਿਲ੍ਹਾ ਟਰੇਡਰਜ਼ ਕਮਿਸ਼ਨ ਦੇ ਚੇਅਰਮੈਨ ਵਿਨੋਦ ਸਿੰਗਲਾ ਅਤੇ ਵਾਈਸ ਚੇਅਰਮੈਨ ਗੁਰਪ੍ਰੀਤ ਸਿੰਘ ਧਮੌਲੀ ਸਮੇਤ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਚੇਅਰਮੈਨ, ਏ ਡੀ ਸੀਜ਼ ਐਸ.ਡੀ.ਐਮਜ਼ ., ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਵਪਾਰੀ ਵਰਗ ਦੇ ਨੁਮਾਇੰਦੇ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਅਨੁਸਾਰ ਪ੍ਰਸ਼ਾਸਨ ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਸਮੇਂ ਸਿਰ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਜ਼ਿਲ੍ਹੇ ਵਿੱਚ ਹੁਣ ਤੱਕ ਆਈਆਂ 216 ਸ਼ਿਕਾਇਤਾਂ ਵਿੱਚੋਂ 131 ਖੁੱਲ੍ਹੀਆਂ ਮੰਨੀਆਂ ਗਈਆਂ ਸਨ, ਜਿਨ੍ਹਾਂ ਵਿੱਚੋਂ ਅੱਜ 62 ਦਾ ਮੌਕੇ ’ਤੇ ਨਿਪਟਾਰਾ ਕਰ ਦਿੱਤਾ ਗਿਆ ਜਦਕਿ 5 ਮਾਮਲਿਆਂ ’ਤੇ ਕਾਰਵਾਈ ਜਾਰੀ ਹੈ ਅਤੇ 16 ਨੂੰ ਸੰਬੰਧਤ ਵਿਭਾਗਾਂ ਕੋਲ ਭੇਜਿਆ ਗਿਆ ਹੈ। ਡੀ ਸੀ ਨੇ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਦਿੱਤੇ ਕਿ ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣ ਕੇ ਉਨ੍ਹਾਂ ਦਾ ਤੁਰੰਤ ਹੱਲ ਯਕੀਨੀ ਬਣਾਇਆ ਜਾਵੇ। ਇਸ ਮੌਕੇ ਸੰਜੀਵ ਗੁਪਤਾ, ਵਿਨੋਦ ਸਿੰਗਲਾ ਅਤੇ ਗੁਰਪ੍ਰੀਤ ਸਿੰਘ ਧਮੌਲੀ ਨੇ ਕਿਹਾ ਕਿ ਪੰਜਾਬ ਸਰਕਾਰ ਵਪਾਰੀਆਂ ਦੀ ਭਲਾਈ ਲਈ ਗੰਭੀਰ ਹੈ ਅਤੇ ਇਸੇ ਉਦੇਸ਼ ਨਾਲ ਵਿਧਾਨ ਸਭਾ ਪੱਧਰ ’ਤੇ ਟਰੇਡਰਜ਼ ਕਮਿਸ਼ਨ ਦਾ ਗਠਨ ਕੀਤਾ ਗਿਆ ਹੈ ਜੋ ਸਮੱਸਿਆਵਾਂ ਨੂੰ ਸੁਣ ਕੇ ਤੇਜ਼ੀ ਨਾਲ ਹੱਲ ਕਰਦਾ ਹੈ।
ਓਹਨਾ ਕਿਹਾ ਕਿ ਕਮਿਸ਼ਨ ਦਾ ਮੁੱਖ ਉਦੇਸ਼ ਵਪਾਰਕ ਗਤੀਵਿਧੀਆਂ ਨੂੰ ਸੁਚਾਰੂ ਬਣਾਉਂਦੇ ਹੋਏ ਹਰ ਸ਼ਿਕਾਇਤ ਦਾ ਸਮੇਂਬੱਧ ਨਿਪਟਾਰਾ ਕਰਨਾ ਹੈ ਅਤੇ ਵਪਾਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਸਮੱਸਿਆਵਾਂ ਲਈ ਸਿੱਧਾ ਕਮਿਸ਼ਨ ਨਾਲ ਸੰਪਰਕ ਕਰਨ। ਮੀਟਿੰਗ ਵਿੱਚ ਟ੍ਰੇਡ ਕਮਿਸ਼ਨ ਦੇ ਮੈਂਬਰ ਚਰਨਜੀਤ ਸਿੰਘ ਐਸ.ਕੇ, ਰਾਜਪੁਰਾ ਤੋਂ ਟਿੰਕੂ ਬਾਂਸਲ, ਪਟਿਆਲਾ ਸ਼ਹਿਰੀ ਤੋਂ ਪੁਨੀਤ ਬੁਧੀਰਾਜਾ, ਸਮਾਣਾ ਤੋਂ ਰਜੇਸ਼ ਛਾਬੜਾ , ਸਹਾਇਕ ਐਕਸਾਈਜ਼ ਕਮਿਸ਼ਨਰ ਗੁਰਸਿਮਰਨ ਧਾਲੀਵਾਲ , ਵਧੀਕ ਡਿਪਟੀ ਕਮਿਸ਼ਨਰਜ਼, ਸਿਮਰਪ੍ਰੀਤ ਕੌਰ, ਨਵਰੀਤ ਕੌਰ ਸੇਖੋਂ ਨਗਰ ਨਿਗਮ ਕਮਿਸ਼ਨਰ ਪਰਮਜੀਤ ਸਿੰਘ , ਸਹਾਇਕ ਕਮਿਸ਼ਨਰ ਹਰਜੋਤ ਕੌਰ , ਐਸ ਡੀ ਐਮਜ਼ ਰਿਚਾ ਗੋਇਲ, ਨਮਨ ਮਰਕਨ ਅਤੇ ਵੱਖ-ਵੱਖ ਹਲਕਿਆਂ ਦੇ ਟਰੇਡਰ ਕਮਿਸ਼ਨ ਮੈਂਬਰਾਂ ਅਤੇ ਹੋਰ ਅਧਿਕਾਰੀਆਂ ਮੌਜੂਦ ਸਨ।