ਘਪਲਿਆਂ ਦੀ ਸਰਕਾਰ ਨੇ ਹੁਣ ਕੀਤਾ ਵੋਟਰ ਸੂਚੀਆਂ ਵਿੱਚ ਵੱਡਾ ਘਪਲਾ: ਸੰਜੀਵ ਤਲਵਾੜ ਵਾਰਡਾਂ ਦੇ ਨਕਸ਼ਿਆਂ ਦੇ ਉਲਟ ਸੈਂਕੜੇ ਵੋਟਾਂ
ਕੀਤੀਆਂ ਇੱਧਰ-ਉੱਧਰ; ਅਕਾਲੀ ਦਲ ਨੇ ਲਗਾਏ ਗੰਭੀਰ ਆਰੋਪ
ਹੁਸ਼ਿਆਰਪੁਰ: ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਹੁਸ਼ਿਆਰਪੁਰ ਦੇ ਇੰਚਾਰਜ ਸੰਜੀਵ ਤਲਵਾੜ ਨੇ ਮੌਜੂਦਾ ਸਰਕਾਰ 'ਤੇ ਤਿੱਖਾ ਹਮਲਾ ਕਰਦਿਆਂ ਵੋਟਰ ਸੂਚੀਆਂ ਵਿੱਚ ਵੱਡੀ ਪੱਧਰ 'ਤੇ ਹੇਰਾਫੇਰੀ ਕਰਨ ਦੇ ਗੰਭੀਰ ਆਰੋਪ ਲਗਾਏ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਘਪਲਿਆਂ ਵਿੱਚ ਘਿਰੀ ਇਹ ਸਰਕਾਰ ਹੁਣ ਲੋਕਤੰਤਰ ਦੀ ਬੁਨਿਆਦ ਯਾਨੀ ਵੋਟਰ ਸੂਚੀਆਂ ਨਾਲ ਖਿਲਵਾੜ ਕਰਕੇ ਚੋਣਾਂ ਜਿੱਤਣ ਦੀ ਨਾਕਾਮ ਕੋਸ਼ਿਸ਼ ਕਰ ਰਹੀ ਹੈ। ਸੰਜੀਵ ਤਲਵਾੜ ਨੇ ਦੱਸਿਆ ਕਿ ਵਾਰਡਾਂ ਦੇ ਤੈਅ ਕੀਤੇ ਗਏ ਅਧਿਕਾਰਤ ਨਕਸ਼ਿਆਂ ਨੂੰ ਛਿੱਕੇ ਟੰਗ ਕੇ ਸੈਂਕੜੇ ਵੋਟਾਂ ਇੱਕ ਵਾਰਡ ਤੋਂ ਦੂਜੇ ਵਾਰਡ ਵਿੱਚ ਤਬਦੀਲ ਕਰ ਦਿੱਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਪ੍ਰਸ਼ਾਸਨਿਕ ਮਸ਼ੀਨਰੀ ਦੀ ਦੁਰਵਰਤੋਂ ਕਰਕੇ ਵਿਰੋਧੀ ਧਿਰ ਦੇ ਸਮਰਥਕਾਂ ਦੀਆਂ ਵੋਟਾਂ ਨੂੰ ਜਾਣਬੁੱਝ ਕੇ ਖ਼ਰਾਬ ਕੀਤਾ ਜਾ ਰਿਹਾ ਹੈ। ਉਹਨਾਂ ਇਲਜ਼ਾਮ ਲਗਾਇਆ ਕਿ ਵੋਟਰ ਸੂਚੀਆਂ ਵਿੱਚ ਕੀਤੀ ਗਈ ਇਹ ਅਦਲਾ-ਬਦਲੀ ਸਿੱਧੇ ਤੌਰ 'ਤੇ ਵੋਟਰਾਂ ਦੇ ਅਧਿਕਾਰਾਂ 'ਤੇ ਡਾਕਾ ਹੈ। ਸਿੰਜਿਵ ਤਲਵਾੜ ਨੇ ਕਿਹਾ ਕਿ"ਸਰਕਾਰ ਆਪਣੀ ਹਾਰ ਦੇ ਡਰੋਂ ਬੌਖਲਾ ਗਈ ਹੈ। ਵਾਰਡਾਂ ਦੀ ਹੱਦਬੰਦੀ ਅਤੇ ਨਕਸ਼ਿਆਂ ਦੇ ਉਲਟ ਜਾ ਕੇ ਵੋਟਾਂ ਨੂੰ ਇੱਧਰ-ਉੱਧਰ ਕਰਨਾ ਸਾਬਤ ਕਰਦਾ ਹੈ ਕਿ ਸਰਕਾਰ ਨੂੰ ਜਨਤਾ 'ਤੇ ਭਰੋਸਾ ਨਹੀਂ ਰਿਹਾ। ਤਲਵਾੜ ਨੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਵੋਟਰ ਸੂਚੀਆਂ ਦੀ ਤੁਰੰਤ ਪੜਤਾਲ ਕੀਤੀ ਜਾਵੇ ਅਤੇ ਦੋਸ਼ੀ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਵਪਾਰ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਸੰਤੋਖ ਸਿੰਘ ਔਜਲਾ ਅਨੁਸੂਚਿਤ ਜਾਤੀ ਮੋਰਚੇ ਦੇ ਸ਼ਹਿਰੀ ਪ੍ਰਧਾਨ ਸੰਜੀਵ ਥਾਪਰ ਸਾਹਿਲ ਮੱਟੂ ਅਤੇ ਵਾਕੀ ਕਾਰਕਰਤਾ ਵੀ ਮੌਜੂਦ ਸਨ।।