ਸ.ਜੈ ਕ੍ਰਿਸ਼ਨ ਸਿੰਘ ਰੌੜੀ ਵੱਲੋਂ ਗੜ੍ਹਸ਼ੰਕਰ ਮੰਡੀਆਂ ਦਾ ਦੌਰਾ, ਕਣਕ ਖਰੀਦ ਪ੍ਰਬੰਧਾਂ ਦੀ ਸਮੀਖਿਆ
ਹੁਸ਼ਿਆਰਪੁਰ /ਗੜ੍ਹਸ਼ੰਕਰ 18 ਅਪ੍ਰੈਲ ( ਬਲਵੀਰ ਚੌਪੜਾ )
ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਸ. ਜੈ ਕ੍ਰਿਸ਼ਨ ਸਿੰਘ ਰੌੜੀ ਵੱਲੋਂ
ਅੱਜ ਸੈਲਾ ਖੁਰਦ, ਪੱਦੀ ਸੂਰਾ ਸਿੰਘ, ਰੋੜਮਜਾਰਾ, ਗੜ੍ਹਸ਼ੰਕਰ, ਸਮੁੰਦਰਾਂ ਅਤੇ ਪਨਾਮ ਮੰਡੀਆਂ ਦਾ ਦੌਰਾ ਕਰਦੇ ਹੋਏ ਕਣਕ ਦੀ ਚੱਲ ਰਹੀ ਖਰੀਦ ਪ੍ਰਕਿਰਿਆ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਦੌਰੇ ਦੌਰਾਨ ਉਨ੍ਹਾਂ ਨਾਲ ਸਬੰਧਤ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਰਹੇ।
ਉਨ੍ਹਾਂ ਮੰਡੀਆਂ ਵਿੱਚ ਕਿਸਾਨਾਂ ਅਤੇ ਆੜਤੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਸੁਝਾਵ ਸੁਣੇ ਅਤੇ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਕੀਤੀ ਕਿ ਖਰੀਦ ਪ੍ਰਕਿਰਿਆ ਪੂਰੀ ਪਾਰਦਰਸ਼ਤਾ ਅਤੇ ਤੇਜ਼ੀ ਨਾਲ ਕੀਤੀ ਜਾਵੇ, ਤਾਂ ਜੋ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਆਵੇ।
ਉਨ੍ਹਾਂ ਮੰਡੀਆਂ ਵਿੱਚ ਸਫਾਈ, ਪੀਣ ਵਾਲੇ ਪਾਣੀ, ਬਿਜਲੀ ਅਤੇ ਫਸਲ ਦੀ ਸਮੇਂ-ਸਿਰ ਲਿਫਟਿੰਗ ਦੇ ਪ੍ਰਬੰਧਾਂ ਦੀ ਜਾਂਚ ਕੀਤੀ ਅਤੇ ਬੋਰੀਆਂ, ਤੋਲ ਅਤੇ ਭੁਗਤਾਨ ਵਿੱਚ ਲਾਪਰਵਾਹੀ ‘ਤੇ ਸਖ਼ਤ ਕਾਰਵਾਈ ਦੀ ਚੇਤਾਵਨੀ ਦਿੱਤੀ।
ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਖਰੀਦ ਤੇ ਭੁਗਤਾਨ ਸਮੇਂ-ਸਿਰ ਯਕੀਨੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਹਰ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇਗਾ।
ਇਸ ਮੌਕੇ ਹਲਕਾ ਸੰਗਠਨ ਇੰਚਾਰਜ ਅਤੇ ਓ ਐਸ ਡੀ ਚਰਨਜੀਤ ਸਿੰਘ ਚੰਨੀ, ਮਾਰਕੀਟ ਕਮੇਟੀ ਤੋਂ ਬਲਦੀਪ ਸਿੰਘ ਸੈਣੀ, ਸਰਪੰਚ ਜੁਝਾਰ ਸਿੰਘ ਨਾਗਰਾ,ਸਰਪੰਚ ਗੋਲਡੀ ਬੀਹੜਾ, ਸੁਰਜੀਤ ਕਾਲਾ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।