ਪੁਰਾਣੇ ਸਕੇਲ,ਪੁਰਾਣੀ ਪੈਨਸ਼ਨ ਅਤੇ ਭੱਤਿਆਂ ਲਈ 17 ਮਈ ਨੂੰ ਮੋਹਾਲੀ ਵਿਖੇ ਰੈਲੀ ਕਰਕੇ ਮੁੱਖ ਮੰਤਰੀ ਨਿਵਾਸ ਵੱਲ੍ਹ ਮਾਰਚ ਕਰਨ ਦਾ ਐਲਾਨ
ਗੜ੍ਹਸ਼ੰਕਰ, 19 ਅਪ੍ਰੈਲ ( ਪ੍ਰੇਰਕ ਪੱਤਰ ) ਮੁਲਾਜ਼ਮਾਂ ਦੀਆਂ ਵਿੱਤੀ ਮੰਗਾਂ ਹੱਲ ਕਰਨ ਤੋਂ ਇਨਕਾਰੀ ਪੰਜਾਬ ਸਰਕਾਰ ਖਿਲਾਫ਼ "ਪੁਰਾਣੇ ਸਕੇਲ, ਪੈਨਸ਼ਨ ਅਤੇ ਭੱਤੇ ਬਹਾਲੀ ਮੋਰਚੇ" ਦੀ ਅਗਵਾਈ ਵਿਚ 17 ਮਈ ਨੂੰ ਮੋਹਾਲੀ ਵਿਖੇ ਵਿਸ਼ਾਲ ਰੋਸ ਰੈਲੀ ਕੀਤੀ ਜਾਵੇਗੀ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੋਰਚੇ ਦੇ ਸੂਬਾ ਆਗੂ ਸੰਦੀਪ ਸਿੰਘ ਗਿੱਲ, ਮੁਕੇਸ਼ ਗੁਜਰਾਤੀ,ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਡਾਨਸੀਵਾਲ, 4161 ਮਾਸਟਰ ਕੇਡਰ ਯੂਨੀਅਨ ਦੇ ਆਗੂ ਬਲਕਾਰ ਸਿੰਘ ਮਘਾਣੀਆ,5994 ਅਧਿਆਪਕ ਯੁਨੀਅਨ ਦੇ ਆਗੂ ਸਮੁੰਦਰ ਗੁਪਤ ਨੇ ਦੱਸਿਆ ਕਿ ਪੰਜਾਬ ਦੀ 'ਆਪ' ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਵਿੱਤੀ ਮੰਗਾਂ ਪ੍ਰਤੀ ਅਪਣਾਈ ਬੇਰੁਖੀ ਦਾ ਬਣਦਾ ਜਵਾਬ ਵੱਡੇ ਸੰਘਰਸ਼ਾਂ ਰਾਹੀਂ ਦਿੱਤਾ ਜਾਵੇਗਾ। ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਵਿਧਾਨ ਸਭਾ ਵਿੱਚ 'ਪੁਰਾਣੀ ਪੈਨਸ਼ਨ ਬਹਾਲ ਕਰਨ 'ਚ ਕਾਹਲੀ ਨਾ ਦਿਖਾਉਣ' ਦੇ ਦਿੱਤੇ ਬਿਆਨ ਰਾਹੀਂ 4 ਸਾਲ ਪਹਿਲਾਂ ਆਪਣੀ ਹੀ ਸਰਕਾਰ ਦੇ ਕਾਗਜ਼ੀ ਨੋਟੀਫਿਕੇਸ਼ਨ ਨੂੰ ਲਾਗੂ ਕਰਨ ਤੋਂ ਨੰਗੇ ਚਿੱਟੇ ਰੂਪ ਵਿੱਚ ਮੁਨਕਰ ਹੋਣ ਦੀ ਵੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਪੰਜਾਬ ਸਰਕਾਰ ਨੂੰ ਮੁਲਾਜ਼ਮ ਸੰਘਰਸ਼ਾਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਦੀ ਚੇਤਵਾਨੀ ਦਿੱਤੀ ਗਈ। ਆਗੂਆਂ ਨੇ ਦੱਸਿਆ ਕਿ ਨਵੇਂ ਕੇਂਦਰੀ ਸਕੇਲਾਂ ਅਧਾਰਿਤ 17-7-2020 ਦਾ ਨੋਟੀਫਿਕੇਸ਼ਨ ਮੁੱਢੋਂ ਰੱਦ ਕਰਵਾਕੇ ਛੇਵੇਂ ਪੰਜਾਬ ਤਨਖਾਹ ਕਮਿਸ਼ਨ ਸਮੇਤ 15% ਵਾਧੇ ਅਨੁਸਾਰ ਤਨਖਾਹਾਂ ਫਿਕਸ ਕਰਵਾਉਣ, ਡਾ. ਸੌਰਵ ਸ਼ਰਮਾ ਤੇ ਬਾਕੀ ਸਮਾਨ ਅਦਾਲਤੀ ਕੇਸਾਂ ਵਿੱਚ ਸੇਵਾ ਨਿਯਮਾਂ ਅਨੁਸਾਰ ਸਹੀ ਅਰਥਾਂ 'ਚ ਪੰਜਾਬ ਤਨਖਾਹ ਸਕੇਲ ਲਾਗੂ ਕਰਵਾਉਣ, ਸਮੱਗਰਾ ਸਿੱਖਿਆ ਅਭਿਆਨ ਤੋਂ ਸਿੱਖਿਆ ਵਿਭਾਗ ਵਿੱਚ ਤਨਖਾਹ ਕਟੌਤੀ ਕਰਦੇ ਹੋਏ ਨਵੇਂ ਸਕੇਲਾਂ ਵਿੱਚ ਰੈਗੂਲਰ ਕੀਤੇ ਨਾਨ ਟੀਚਿੰਗ ਕਰਮਚਾਰੀਆਂ ਨੂੰ ਸਾਲ 2018 ਤੋਂ ਬਣਦੀ ਰੈਗੂਲਰਾਈਜੇਸ਼ਨ ਅਨੁਸਾਰ ਪੰਜਾਬ ਤਨਖਾਹ ਸਕੇਲਾਂ ਦੇ ਸਾਰੇ ਲਾਭ ਬਹਾਲ ਕਰਨ, 1-1-2004 ਤੋਂ ਬਾਅਦ ਭਰਤੀ ਮੁਲਾਜ਼ਮਾ ਉੱਪਰ ਲਾਗੂ ਕਾਰਪੋਰੇਟ ਪੱਖੀ ਨਵੀਂ ਪੈਨਸ਼ਨ ਪ੍ਰਣਾਲੀ ਰੱਦ ਕਰਕੇ ਪੁਰਾਣੀ ਪੈਨਸ਼ਨ ਪ੍ਰਣਾਲੀ ਬਹਾਲ ਕਰਵਾਉਣ ਅਤੇ ਮੁਲਾਜ਼ਮਾਂ ਦੇ ਕੱਟੇ ਹੋਏ 37 ਕਿਸਮ ਦੇ ਭੱਤੇ ਸਮੇਤ ਪੇਂਡੂ ਇਲਾਕਾ ਭੱਤਾ, ਬਾਰਡਰ ਏਰੀਆ ਭੱਤਾ, ਏ.ਸੀਪੀ ਦਾ ਲਾਭ ਅਤੇ ਪੈਂਡਿੰਗ 16% ਮਹਿੰਗਾਈ ਭੱਤਾ ਲਾਗੂ ਕਰਵਾਉਣ,ਅਪਣੇ ਘਰਾਂ ਤੋਂ ਦੂਰ ਸਰਵਿਸ ਕਰ ਰਹੇ ਅਧਿਆਪਕਾਂ ਨੂੰ ਬਦਲੀ ਦਾ ਮੌਕਾ ਦਵਾਉਣ ਦੀ ਮੰਗ ਨੂੰ ਲੈ ਕੇ ਸੰਘਰਸ਼ਾਂ ਨੂੰ ਜਰਬਾਂ ਦੇਣ ਫੈਸਲੇ ਕੀਤੇ ਗਏ ਅਨੁਸਾਰ 17 ਮਈ 2026 ਨੂੰ ਮੋਹਾਲੀ ਵਿਖੇ ਹਜਾਰਾਂ ਮੁਲਾਜ਼ਮਾਂ ਦੀ ਸ਼ਮੂਲੀਅਤ ਕਰਵਾਉਂਦੇ ਹੋਏ ਵਿਸ਼ਾਲ ਸੂਬਾਈ ਰੈਲੀ ਕੀਤੀ ਜਾਵੇਗੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਚੰਡੀਗੜ੍ਹ ਰਿਹਾਇਸ਼ ਵੱਲ ਮਾਰਚ ਕੀਤਾ ਜਾਵੇਗਾ। ਸੂਬਾਈ ਰੈਲੀ ਤੋਂ ਪਹਿਲਾਂ 23 ਅਪ੍ਰੈਲ ਨੂੰ ਹੁਸ਼ਿਆਰਪੁਰ ਵਿਖੇ ਜਿਲ੍ਹਾ ਪੱਧਰੀ ਲਾਮਬੰਦੀ ਕਨਵੈਂਨਸ਼ਨ ਕਰਕੇ ਰੋਸ ਮਾਰਚ ਦੇ ਰੂਪ ਵਿੱਚ ਮੁੱਖ ਮੰਤਰੀ ਵੱਲ ਮੁਲਾਜ਼ਮਾਂ ਦੀਆਂ ਵਿੱਤੀ ਮੰਗਾਂ ਨਾ ਪੂਰੀਆਂ ਕਰਨ ਵਿਰੁੱਧ 'ਚੇਤਾਵਨੀ ਪੱਤਰ' ਭੇਜਣ ਦੀ ਸਮੁੱਚੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ। ਇਸ ਇਲਾਵਾ ਮਜ਼ਦੂਰ ਦਿਵਸ ਮੌਕੇ 1 ਮਈ 2026 ਨੂੰ ਮੁੱਖ ਮੰਤਰੀ ਨਿਵਾਸ ਚੰਡੀਗੜ੍ਹ ਵਿਖੇ ਮਾਸ ਡੈਪੂਟੇਸ਼ਨ ਦੇ ਰੂਪ ਵਿੱਚ ਪਹੁੰਚ ਕੇ 17 ਮਈ ਦੀ ਸੂਬਾਈ ਰੈਲੀ ਤੇ ਰੋਸ ਮਾਰਚ ਦਾ 'ਨੋਟਿਸ ਕਮ ਮੰਗ ਪੱਤਰ' ਸੌਂਪਿਆ ਜਾਵੇਗਾ। ਆਗੂਆਂ ਨੇ ਇਹ ਵੀ ਦੱਸਿਆ ਕਿ ਪੰਜਾਬ ਭਰ ਦੇ ਵੱਖ-ਵੱਖ ਵਿਭਾਗਾਂ ਤੇ ਅਦਾਰਿਆਂ ਦੇ ਦਫਤਰਾਂ-ਸਕੂਲਾਂ ਤੱਕ ਵਿਆਪਕ ਮੁਹਿੰਮ ਬਣਾ ਕੇ 17 ਮਈ ਦੀ ਸੂਬਾਈ ਰੈਲੀ ਅਤੇ ਮੁੱਖ ਮੰਤਰੀ ਨਿਵਾਸ ਚੰਡੀਗੜ੍ਹ ਵੱਲੋਂ ਮਾਰਚ ਲਈ ਵੱਡੀ ਲਾਮਬੰਦੀ ਕੀਤੀ ਜਾਵੇਗੀ।
ਇਸ ਸਮੇਂ ਹੋਰਨਾਂ ਤੋਂ ਇਲਾਵਾ ਵਿਨੇ ਕੁਮਾਰ,ਜਗਦੀਪ ਸਿੰਘ, ਸੰਦੀਪ ਕੁਮਾਰ, ਜਰਨੈਲ ਸਿੰਘ, ਜਸਵਿੰਦਰ ਸਿੰਘ,ਇਕਬਾਲ ਸਿੰਘ ਲੁਧਿਆਣਾ, ਕੁਲਦੀਪ ਸਿੰਘ ਰਾਮਨਗਰ ਅਤੇ ਬੱਗਾ ਸਿੰਘ ਮਾਨਸਾ ਆਦਿ ਆਗੂ ਵੀ ਹਾਜ਼ਰ ਸਨ।