ਲਹਿਰਾਗਾਗਾ ਵਿੱਚ 15 ਅਪ੍ਰੈਲ ਤੋਂ ਓਪੀਡੀ-ਆਈਪੀਡੀ ਸੇਵਾਵਾਂ ਸ਼ੁਰੂ, ਮੈਡੀਕਲ ਕਾਲਜ ਦੀ ਸਥਾਪਨਾ ਨਾਲ ਖੇਤਰ ਨੂੰ ਵੱਡਾ ਲਾਭ:-ਕੈਬਿਨਟ ਮੰਤਰੀ ਬਰਿੰਦਰ ਗੋਇਲ,
ਭੱਠਲ ਕਾਲਜ ਹੁਣ 100 ਐਮ.ਬੀ.ਬੀ.ਐਸ. ਸੀਟਾਂ ਵਾਲਾ ਕਾਲਜ ਤੇ 440 ਬਿਸਤਰਿਆਂ ਵਾਲਾ ਹਸਪਤਾਲ ਬਣੇਗਾ ।
ਲਹਿਰਾਗਾਗਾ, 11 ਅਪ੍ਰੈਲ (ਸੁਰੇਸ਼ ਜਵਾਹਰ ਵਾਲਾ 90233-63132)ਲਹਿਰਾਗਾਗਾ ਵਾਸੀਆਂ ਲਈ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਪੰਜਾਬ ਸਰਕਾਰ ਵੱਲੋਂ 09 ਜਨਵਰੀ ਨੂੰ ਲਏ ਗਏ ਇਤਿਹਾਸਕ ਫੈਸਲੇ ਤਹਿਤ ਲਹਿਰਾਗਾਗਾ ਵਿੱਚ ਮੈਡੀਕਲ ਕਾਲਜ ਅਤੇ ਹਸਪਤਾਲ ਖੋਲ੍ਹਣ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਂਦਿਆਂ ਹੁਣ ਕਮਿਊਨਿਟੀ ਹੈਲਥ ਸੈਂਟਰ (ਸੀ.ਐਚ.ਸੀ.) ਵਿੱਚ 15 ਅਪ੍ਰੈਲ ਤੋਂ ਓਪੀਡੀ ਅਤੇ ਆਈਪੀਡੀ ਸੇਵਾਵਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ।
ਇਹ ਐਲਾਨ ਕੈਬਿਨਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਸੀ.ਐਚ.ਸੀ. ਲਹਿਰਾਗਾਗਾ ਵਿਖੇ ਕਰਵਾਈ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਪਹਿਲਾਂ ਖਸਤਾ ਹਾਲਤ ਵਿੱਚ ਰਹਿ ਚੁੱਕੇ ਸੀ.ਐਚ.ਸੀ. ਦੀ ਕਾਇਆ ਕਲਪ ਕਰਕੇ ਹੁਣ ਇਥੇ ਮਾਹਿਰ ਡਾਕਟਰਾਂ ਦੀਆਂ ਸੇਵਾਵਾਂ ਉਪਲਬਧ ਕਰਵਾਈਆਂ ਜਾਣਗੀਆਂ, ਜਿਸ ਨਾਲ ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ ਨੂੰ ਵੱਡਾ ਲਾਭ ਮਿਲੇਗਾ।
ਉਨ੍ਹਾਂ ਕਿਹਾ ਕਿ ਇਹ ਸੇਵਾਵਾਂ ਜਨਹਿਤ ਟਰੱਸਟ ਦੇ ਯੂਨਿਟ ਅਚਾਰਿਆ ਵਿਦਿਆਨੰਦ ਜੈਨ ਇੰਸਟੀਟਿਊਟ ਆਫ ਮੈਡੀਕਲ ਸਾਇੰਸਜ਼ ਐਂਡ ਰਿਸਰਚ ਵੱਲੋਂ ਚਲਾਈਆਂ ਜਾਣਗੀਆਂ। ਨਾਲ ਹੀ, ਬੰਦ ਪਏ ਬਾਬਾ ਹੀਰਾ ਸਿੰਘ ਭੱਠਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਨੂੰ ਹੁਣ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਰੂਪ ਵਿੱਚ ਮੁੜ ਸ਼ੁਰੂ ਕੀਤਾ ਜਾ ਰਿਹਾ ਹੈ।
ਕੈਬਿਨਟ ਮੰਤਰੀ ਨੇ ਦੱਸਿਆ ਕਿ ਪਹਿਲਾਂ ਐਮਰਜੈਂਸੀ ਸੇਵਾਵਾਂ ਦੀ ਘਾਟ ਕਾਰਨ ਲੋਕਾਂ ਨੂੰ ਸੰਗਰੂਰ ਜਾਂ ਪਟਿਆਲਾ ਜਾਣਾ ਪੈਂਦਾ ਸੀ, ਜਿਸ ਨਾਲ ਕਈ ਵਾਰ ਸਮੇਂ ਸਿਰ ਇਲਾਜ ਨਾ ਮਿਲਣ ਕਾਰਨ ਜਾਨੀ ਨੁਕਸਾਨ ਵੀ ਹੁੰਦਾ ਸੀ। ਹੁਣ ਇਹ ਸਮੱਸਿਆ ਕਾਫੀ ਹੱਦ ਤੱਕ ਹੱਲ ਹੋਵੇਗੀ।
ਉਨ੍ਹਾਂ ਦੱਸਿਆ ਕਿ ਇਹ ਮੈਡੀਕਲ ਕਾਲਜ ਮੂਨਕ ਅਤੇ ਖਨੌਰੀ ਖੇਤਰਾਂ ਨੂੰ ਵੀ ਕਵਰ ਕਰੇਗਾ। ਅਗਲੇ ਸਾਲ ਇਥੇ ਨਰਸਿੰਗ ਦੀਆਂ ਕਲਾਸਾਂ ਸ਼ੁਰੂ ਕੀਤੀਆਂ ਜਾਣਗੀਆਂ ਅਤੇ ਜਲਦੀ ਹੀ ਡੈਂਟਲ ਕਾਲਜ ਦੇ ਨਾਲ-ਨਾਲ ਐਮ.ਡੀ. ਅਤੇ ਐਮ.ਐਸ. ਦੀਆਂ ਪੜ੍ਹਾਈਆਂ ਵੀ ਸ਼ੁਰੂ ਕੀਤੀਆਂ ਜਾਣਗੀਆਂ।
ਕੈਬਿਨਟ ਮੰਤਰੀ ਨੇ ਕਿਹਾ ਕਿ ਇਸ ਨਾਲ ਖੇਤਰ ਦੇ ਹੋਣਹਾਰ ਵਿਦਿਆਰਥੀਆਂ ਨੂੰ ਵੱਡਾ ਫਾਇਦਾ ਮਿਲੇਗਾ, ਜੋ ਪਹਿਲਾਂ ਸਹੂਲਤਾਂ ਦੀ ਘਾਟ ਕਾਰਨ ਡਾਕਟਰ ਬਣਨ ਤੋਂ ਵਾਂਝੇ ਰਹਿ ਜਾਂਦੇ ਸਨ। ਹੁਣ ਉਹ ਆਪਣੇ ਸੁਪਨੇ ਸਾਕਾਰ ਕਰ ਸਕਣਗੇ।
ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਕਾਲਜ ਵਿੱਚ ਦਾਖਲਾ, ਸੀਟਾਂ ਦੀ ਵੰਡ ਅਤੇ ਫੀਸ ਢਾਂਚਾ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੀ ਹੋਵੇਗਾ। ਮੈਡੀਕਲ ਕਾਲਜ 100 ਐਮ.ਬੀ.ਬੀ.ਐਸ. ਸੀਟਾਂ ਅਤੇ ਘੱਟੋ-ਘੱਟ 440 ਬਿਸਤਰਿਆਂ ਨਾਲ ਚਲਾਇਆ ਜਾਵੇਗਾ।
ਇਸ ਮੌਕੇ ਜਨਹਿਤ ਟਰੱਸਟ ਦੇ ਚੇਅਰਮੈਨ ਡਾ. ਧਰਮਪਾਲ ਜੈਨ, ਡਾ. ਰਜਨੀਸ਼ ਜੈਨ, ਐੱਸ.ਡੀ.ਐਮ. ਰਾਕੇਸ਼ ਪ੍ਰਕਾਸ਼ ਗਰਗ, ਨਗਰ ਕੌਂਸਲ ਪ੍ਰਧਾਨ ਸ੍ਰੀਮਤੀ ਕਾਂਤਾ ਗੋਇਲ, ਗੌਰਵ ਗੋਇਲ ਸਮੇਤ ਕਈ ਪਤਵੰਤੇ ਅਤੇ ਸ਼ਹਿਰ ਵਾਸੀ ਮੌਜੂਦ ਸਨ।