ਗੜੇਮਾਰੀ ਨਾਲ ਬਰਬਾਦ ਫਸਲਾਂ ਦਾ ਮੁਆਵਜ਼ਾ ਛੇਤੀ ਜਾਰੀ ਕਰੇ ਸਰਕਾਰ - ਕਿਸਾਨ ਮਜ਼ਦੂਰ ਐਸੋਸੀਏਸ਼ਨ ਪੰਜਾਬ
ਸਰਦੂਲਗੜ੍ਹ, 2 ਅਪ੍ਰੈਲ – ਕਿਸਾਨ ਮਜ਼ਦੂਰ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਕੁਲਦੀਪ ਸਿੰਘ ਨੀਟੂ (ਕੋਟ ਧਰਮੂੰ) ਨੇ ਪਰੈਸ ਬਿਆਨ ਵਿੱਚ ਕਿਹਾ ਹੈ ਕਿ ਲੰਘੇ ਕੱਲ੍ਹ ਜ਼ਿਲ੍ਹਾ ਮਾਨਸਾ ਦੇ ਹਲਕਾ ਸਰਦੂਲਗੜ੍ਹ ਸਮੇਤ ਮਾਲਵੇ ਦੇ ਬਹੁਤਾਤ ਖਿੱਤੇ ਵਿੱਚ ਹੋਈ ਭਾਰੀ ਬਾਰਿਸ਼ ਅਤੇ ਗੜੇਮਾਰੀ ਕਾਰਨ ਫਸਲਾਂ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ। ਖਾਸ ਕਰਕੇ ਕਣਕ ਅਤੇ ਸਬਜ਼ੀਆਂ ਦੀ ਫਸਲ ਤਬਾਹ ਹੋਣ ਕਾਰਨ ਹਲਕੇ ਸਮੇਤ ਪ੍ਰਭਾਵਿਤ ਪੰਜਾਬ ਦੇ ਛੋਟੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਵਿੱਚ ਚਿੰਤਾ ਦਾ ਮਾਹੌਲ ਬਣ ਗਿਆ ਹੈ।
ਉਨ੍ਹਾਂ ਦੱਸਿਆ ਕਿ ਹਲਕੇ ਦੇ ਪਿੰਡ ਕੋਟ ਧਰਮੂੰ, ਨੰਗਲ ਕਲਾਂ, ਭੰਮੇ ਕਲਾਂ, ਉੱਡਤ ਭਗਤ ਰਾਮ, ਝੰਡਾ ਕਲਾਂ , ਰਾਏਪੁਰ, ਬਾਜੇਵਾਲਾ , ਕੋਰਵਾਲਾ, ਚਚੋਹਰ, ਭੰਮੇ ਖੁਰਦ ਸਮੇਤ ਲਗਭਗ ਡੇਢ ਦਰਜਨ ਪਿੰਡ ਇਸ ਕੁਦਰਤੀ ਆਫ਼ਤ ਦਾ ਸ਼ਿਕਾਰ ਹੋਏ ਹਨ। ਇਸ ਕਾਰਨ ਜਿੱਥੇ ਹਜ਼ਾਰਾਂ ਕਿਸਾਨ ਪਰਿਵਾਰ ਪ੍ਰਭਾਵਿਤ ਹੋਏ ਹਨ, ਓਥੇ ਹੀ ਖੇਤ ਮਜ਼ਦੂਰ ਵਰਗ ਲਈ ਵੀ ਆਉਣ ਵਾਲੇ ਸਮੇਂ ਵਿੱਚ ਰੋਜ਼ਗਾਰ ਦੀ ਘਾਟ ਪੈਣ ਦਾ ਖਤਰਾ ਬਣ ਗਿਆ ਹੈ, ਜਿਸ ਨਾਲ ਕਈ ਘਰਾਂ ਦੇ ਚੁੱਲ੍ਹੇ ਠੰਡੇ ਹੋ ਸਕਦੇ ਹਨ।
ਉਹਨਾ ਅੱਗੇ ਕਿਹਾ ਕਿ ਜਿੱਥੇ ਪਿਛਲੇ ਸਾਲਾਂ ਦੀ ਮਾਰ ਦਾ ਮੁਆਵਜਾ ਅਜੇ ਨਹੀਂ ਮਿਲਿਆ, ਓਥੇ ਇਸ ਵਾਰ ਦਾ ਕੁਦਰਤੀ ਕਹਿਰ ਹੋਰ ਵੀ ਮਾਰੂ ਹੋ ਨਿਬੜਿਆ ਹੈ।
ਜਥੇਬੰਦੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪ੍ਰਭਾਵਿਤ ਕਿਸਾਨਾਂ ਨੂੰ ਘੱਟੋ-ਘੱਟ 50,000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ ਅਤੇ ਖੇਤ ਮਜ਼ਦੂਰ ਪਰਿਵਾਰਾਂ ਲਈ ਘੱਟੋ-ਘੱਟ 30,000 ਰੁਪਏ ਦੀ ਆਰਥਿਕ ਮਦਦ ਤੁਰੰਤ ਮੁਹੱਈਆ ਕਰਵਾਈ ਜਾਵੇ। ਇਸਦੇ ਨਾਲ ਹੀ ਖੇਤੀਬਾੜੀ ਵਿਭਾਗ ਨੂੰ ਅਪੀਲ ਕੀਤੀ ਗਈ ਹੈ ਕਿ ਬਿਨਾਂ ਕਿਸੇ ਦੇਰੀ ਜਾਂ ਉਲਝਣ ਦੇ ਪ੍ਰਭਾਵਿਤ ਖੇਤਰਾਂ ਦਾ ਮੁਆਇਨਾ ਕਰਕੇ ਗਿਰਦਾਵਰੀ ਕੀਤੀ ਜਾਵੇ ਅਤੇ ਆਪਣੀ ਜ਼ਿੰਮੇਵਾਰੀ ਨਿਭਾਈ ਜਾਵੇ।
ਕੁਲਦੀਪ ਸਿੰਘ ਨੀਟੂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਸ ਸਬੰਧੀ ਸਰਕਾਰ ਵੱਲੋਂ ਕੋਈ ਜਲਦ ਫੈਸਲਾ ਨਾ ਲਿਆ ਗਿਆ ਤਾਂ ਜਥੇਬੰਦੀ ਭਰਾਤਰੀ ਜਥੇਬੰਦੀਆਂ ਨਾਲ ਮਿਲ ਕੇ ਵੱਡਾ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਮੁਸ਼ਕਲ ਸਮੇਂ ਵਿੱਚ ਸਰਕਾਰ ਨੂੰ ਕਿਸਾਨਾਂ ਅਤੇ ਮਜ਼ਦੂਰਾਂ ਦੇ ਨਾਲ ਖੜ੍ਹ ਕੇ ਤੁਰੰਤ ਰਾਹਤ ਦੇਣੀ ਚਾਹੀਦੀ ਹੈ ਤਾਂ ਜੋ ਪ੍ਰਭਾਵਿਤ ਪਰਿਵਾਰਾਂ ਨੂੰ ਆਰਥਿਕ ਸੰਕਟ ਤੋਂ ਬਚਾਇਆ ਜਾ ਸਕੇ।
ਇਸ ਮੌਕੇ ਮਿੱਠੂ ਸਿੰਘ, ਰਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਰੁਪਿੰਦਰ ਸਿੰਘ, ਹੈਪੀ ਸਿੰਘ, ਗੋਰਾ ਸਿੰਘ , ਸਤਨਾਮ ਸਿੰਘ, ਜਸਪ੍ਰੀਤ ਸਿੰਘ ਆਦਿ ਹਾਜਰ ਸਨ।