ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਫਰੀਦਕੋਟ ਵਿੱਚ ਏ.ਐਸ.ਐਮ.ਆਈ.ਟੀ.ਏ ਲੀਗ ਦੇ ਖੇਡ ਮੁਕਾਬਲੇ 8 ਮਾਰਚ ਨੂੰ-
ਮਨਜੀਤ ਸਿੰਘ ਭੁੱਲਰ
ਫਰੀਦਕੋਟ 5 ਮਾਰਚ 26(ਨਾਇਬ ਰਾਜ)
ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਭਾਰਤ ਸਰਕਾਰ ਦੇ ਯੁਵਾ ਮਾਮਲੇ ਤੇ ਖੇਡ ਮੰਤਰਾਲੇ ਵੱਲੋਂ ਦੇਸ਼ ਭਰ ਵਿੱਚ ਏ.ਐਸ.ਐਮ.ਆਈ.ਟੀ.ਏ (ਅਚੀਵਿੰਗ ਸਪੋਰਟਸ ਮਾਈਲਸਟੋਨ ਬਾਏ ਇੰਸਪਾਈਰਿੰਗ ਵੋਮੈਨ ਥਰੂਅ ਐਕਸ਼ਨ) ਲੀਗ ਤਹਿਤ ਮਹਿਲਾਵਾਂ ਲਈ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ। ਇਹ ਮੁਹਿੰਮ ਖੇਲੋ ਇੰਡੀਆ ਪ੍ਰੋਗਰਾਮ ਦੇ ਤਹਿਤ ਚਲਾਈ ਜਾ ਰਹੀ ਹੈ, ਜਿਸ ਦਾ ਉਦੇਸ਼ ਖੇਡਾਂ ਰਾਹੀਂ ਮਹਿਲਾਵਾਂ ਨੂੰ ਪ੍ਰੇਰਿਤ ਕਰਨਾ ਅਤੇ ਉਨ੍ਹਾਂ ਦੀ ਭਾਗੀਦਾਰੀ ਨੂੰ ਵਧਾਉਣਾ ਹੈ। ਇਹ ਜਾਣਕਾਰੀ ਸ. ਮਨਜੀਤ ਸਿੰਘ ਭੁੱਲਰ ਜ਼ਿਲ੍ਹਾ ਪ੍ਰੋਗਰਾਮ ਸੁਪਰਵਾਈਜ਼ਰ ਨੇ ਦਿੱਤੀ।
ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ 8 ਮਾਰਚ 2026 ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਦੇਸ਼ ਦੇ ਲਗਭਗ 250 ਜ਼ਿਲ੍ਹਿਆਂ ਵਿੱਚ ਏ.ਐਸ.ਐਮ.ਆਈ.ਟੀ.ਏ ਲੀਗ ਦੇ ਖੇਡ ਮੁਕਾਬਲੇ ਕਰਵਾਏ ਜਾਣਗੇ। ਇਨ੍ਹਾਂ ਮੁਕਾਬਲਿਆਂ ਵਿੱਚ ਖ਼ਾਸ ਤੌਰ ‘ਤੇ ਐਥਲੈਟਿਕਸ ਦੇ 100 ਮੀਟਰ, 200 ਮੀਟਰ ਅਤੇ 400 ਮੀਟਰ ਦੌੜ ਮੁਕਾਬਲੇ ਸ਼ਾਮਲ ਹੋਣਗੇ। ਇਹ ਖੇਡ ਪ੍ਰੋਗਰਾਮ 8 ਮਾਰਚ ਨੂੰ ਨਹਿਰੂ ਸਟੇਡੀਅਮ, ਫਰੀਦਕੋਟ ਵਿੱਚ ਕਰਵਾਇਆ ਜਾਵੇਗਾ।
ਸ. ਬਲਜਿੰਦਰ ਸਿੰਘ, ਜ਼ਿਲ੍ਹਾ ਖੇਡ ਅਫ਼ਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਕਰਵਾਏ ਜਾਣ ਵਾਲੇ ਮੁਕਾਬਲੇ ਸਿਰਫ਼ ਮਹਿਲਾਵਾਂ ਦੇ ਤਿੰਨ ਉਮਰ ਵਰਗਾਂ ਵਿੱਚ ਕਰਵਾਏ ਜਾਣਗੇ, ਜਿਨ੍ਹਾਂ ਵਿੱਚ 13 ਸਾਲ ਤੋਂ ਘੱਟ, 13 ਤੋਂ 18 ਸਾਲ ਅਤੇ 18 ਸਾਲ ਤੋਂ ਉੱਪਰ ਦੀਆਂ ਖਿਡਾਰਣਾਂ ਭਾਗ ਲੈ ਸਕਣਗੀਆਂ।
ਉਨ੍ਹਾਂ ਇਸ ਮੌਕੇ ਖੇਡ ਪ੍ਰੇਮੀਆਂ ਅਤੇ ਮਹਿਲਾਵਾਂ ਨੂੰ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਮਹਿਲਾਵਾਂ ਵਿੱਚ ਖੇਡਾਂ ਪ੍ਰਤੀ ਰੁਝਾਨ ਵਧੇ ਅਤੇ ਉਹ ਆਪਣੇ ਹੁਨਰ ਨੂੰ ਅੱਗੇ ਲਿਆ ਸਕਣ।