ਹੋਲਾ ਮਹੱਲਾ ਮੌਕੇ ਸਬ ਡਵੀਜ਼ਨ ਹਸਪਤਾਲ ਸ੍ਰੀ ਆਨੰਦਪੁਰ ਸਾਹਿਬ ਵਿਖੇ ਸਿਹਤ ਪ੍ਰਦਰਸ਼ਨੀ ਦਾ ਆਯੋਜਨ
ਹੋਲਾ ਮਹੱਲਾ ਮੌਕੇ ਸਬ ਡਵੀਜ਼ਨ ਹਸਪਤਾਲ ਸ੍ਰੀ ਆਨੰਦਪੁਰ ਸਾਹਿਬ ਵਿਖੇ ਸਿਹਤ ਪ੍ਰਦਰਸ਼ਨੀ ਦਾ ਆਯੋਜਨ
ਸ੍ਰੀ ਅਨੰਦਪੁਰ ਸਾਹਿਬ 27 ਫਰਵਰੀ: ਪੰਜਾਬ ਸਰਕਾਰ ਅਤੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਹੇਠ ਹੋਲਾ ਮਹੱਲਾ ਦੇ ਪਾਵਨ ਮੌਕੇ ਸਬ ਡਵੀਜ਼ਨ ਹਸਪਤਾਲ ਵਿਖੇ ਵਿਸ਼ੇਸ਼ ਸਿਹਤ ਪ੍ਰਦਰਸ਼ਨੀ ਲਗਾਈ ਗਈ। ਇਸ ਪ੍ਰਦਰਸ਼ਨੀ ਦਾ ਮੁੱਖ ਉਦੇਸ਼ ਸ਼ਰਧਾਲੂਆਂ ਅਤੇ ਸਥਾਨਕ ਨਿਵਾਸੀਆਂ ਨੂੰ ਸਿਹਤ ਸੰਬੰਧੀ ਜਾਣਕਾਰੀ ਪ੍ਰਦਾਨ ਕਰਨਾ ਅਤੇ ਸਰਕਾਰੀ ਸਿਹਤ ਯੋਜਨਾਵਾਂ ਬਾਰੇ ਜਾਗਰੂਕ ਕਰਨਾ ਹੈ।
ਪ੍ਰਦਰਸ਼ਨੀ ਵਿੱਚ ਆਯੁਸ਼ਮਾਨ ਭਾਰਤ ਯੋਜਨਾ, ਮੁੱਖ ਮੰਤਰੀ ਸਿਹਤ ਯੋਜਨਾ, ਮੁਫ਼ਤ ਦਵਾਈਆਂ ਅਤੇ ਜਾਂਚ ਸਹੂਲਤਾਂ, ਟੀਕਾਕਰਨ,ਮਾਤਾ-ਸ਼ਿਸ਼ੂ ਸਿਹਤ ਸੇਵਾਵਾਂ, ਟੀ.ਬੀ. ਮੁਕਤੀ ਅਭਿਆਨ, ਐਚ.ਆਈ.ਵੀ./ਏਡਜ਼ ਜਾਗਰੂਕਤਾ, ਨਸ਼ਾ ਮੁਕਤੀ ਅਤੇ ਗੈਰ-ਸੰਚਾਰੀ ਬਿਮਾਰੀਆਂ (ਜਿਵੇਂ ਸ਼ੂਗਰ ਅਤੇ ਬਲੱਡ ਪ੍ਰੈਸ਼ਰ) ਬਾਰੇ ਜਾਣਕਾਰੀ ਸਟਾਲ ਲਗਾਏ ਗਏ ਹਨ। ਵਿਸ਼ੇਸ਼ ਤੌਰ ‘ਤੇ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਮੁਫ਼ਤ ਇਲਾਜ ਸਹੂਲਤਾਂ ਅਤੇ ਯੋਗਤਾ ਮਾਪਦੰਡਾਂ ਬਾਰੇ ਲੋਕਾਂ ਨੂੰ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ ਹੈ ।
ਇਸ ਦੇ ਨਾਲ ਹੀ ਹੋਲਾ ਮਹੱਲਾ ਮੌਕੇ ਸ਼ਰਧਾਲੂਆਂ ਦੀ ਸਹੂਲਤ ਲਈ ਸ੍ਰੀ ਆਨੰਦਪੁਰ ਸਾਹਿਬ ਵਿਖੇ ਵੱਖ-ਵੱਖ ਥਾਂਵਾ ‘ਤੇ ਆਮ ਆਦਮੀ ਕਲੀਨਿਕ ਵੀ ਸਥਾਪਿਤ ਕੀਤੇ ਗਏ ਹਨ, ਜਿੱਥੇ ਮੁਫ਼ਤ ਜਾਂਚ ਅਤੇ ਦਵਾਈਆਂ ਦੀ ਸਹੂਲਤ ਉਪਲਬਧ ਕਰਵਾਈ ਜਾ ਰਹੀ ਹੈ। ਇਨ੍ਹਾਂ ਕਲੀਨਿਕਾਂ ਰਾਹੀਂ ਮੌਕੇ ‘ਤੇ ਹੀ ਮਰੀਜ਼ਾਂ ਨੂੰ ਤੁਰੰਤ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।
ਇਸ ਮੌਕੇ ਸਿਵਲ ਸਰਜਨ ਰੂਪਨਗਰ ਡਾ. ਨਵਰੂਪ ਕੌਰ,ਸਿਵਲ ਸਰਜਨ ਐਸ.ਬੀ.ਐਸ. ਨਗਰ ਡਾ. ਗੁਰਵਿੰਦਰ ਸਿੰਘ, ਸੀਨੀਅਰ ਮੈਡੀਕਲ ਅਫ਼ਸਰ ਡਾ.ਆਨੰਦ ਘਈ, ਡਾ. ਗੋਬਿੰਦ ਟੰਡਨ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਗੁਰਮੀਤ ਕੌਰ ਸਮੇਤ ਹੋਰ ਮੈਡੀਕਲ ਅਤੇ ਪੈਰਾ-ਮੈਡੀਕਲ ਸਟਾਫ ਹਾਜ਼ਰ ਰਹੇ।
ਡਾਕਟਰਾਂ ਨੇ ਕਿਹਾ ਕਿ ਹੋਲਾ ਮਹੱਲਾ ਵਰਗੇ ਵੱਡੇ ਧਾਰਮਿਕ ਸਮਾਗਮ ਦੌਰਾਨ ਸਿਹਤ ਸੇਵਾਵਾਂ ਅਤੇ ਜਾਗਰੂਕਤਾ ਮੁਹਿੰਮ ਬਹੁਤ ਮਹੱਤਵਪੂਰਨ ਹੁੰਦੀ ਹੈ ਤਾਂ ਜੋ ਕਿਸੇ ਵੀ ਐਮਰਜੈਂਸੀ ਸਥਿਤੀ ਨਾਲ ਤੁਰੰਤ ਨਜਿੱਠਿਆ ਜਾ ਸਕੇ ਅਤੇ ਲੋਕਾਂ ਨੂੰ ਸਰਕਾਰੀ ਯੋਜਨਾਵਾਂ ਦਾ ਪੂਰਾ ਲਾਭ ਮਿਲ ਸਕੇ।