ਪ੍ਰਸਾਸ਼ਨ ਅਤੇ ਕਾਰ ਸੇਵਾ ਭੂਰੀ ਵਾਲਿਆਂ ਵੱਲੋਂ ਸਾਝੇ ਤੌਰ ਤੇ ਸਫਾਈ ਸੇਵਾ ਕੀਤੀ ਅਰੰਭ
ਪ੍ਰਸਾਸ਼ਨ ਅਤੇ ਕਾਰ ਸੇਵਾ ਭੂਰੀ ਵਾਲਿਆਂ ਵੱਲੋਂ ਸਾਝੇ ਤੌਰ ਤੇ ਸਫਾਈ ਸੇਵਾ ਕੀਤੀ ਅਰੰਭ
ਹੋਲਾ ਮਹੱਲਾ ਦੌਰਾਨ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਦਾ ਕੋਨਾ ਕੋਨਾ ਲਿਸ਼ਕਾਇਆ ਜਾਵੇਗਾ
ਰੁੱਖਾਂ ਦੀ ਧੁਲਾਈ, ਛਾਂਦਾਰ ਤੇ ਫਲਦਾਰ ਬੂਟਿਆਂ ਦੀ ਧੁਲਾਈ, ਛੰਗਾਈ ਤੇ ਪਾਣੀ ਤੇ ਛਿੜਕਾਓ ਦੀ ਸੇਵਾ ਵੀ ਰਹੇਗੀ ਜਾਰੀ
ਸ੍ਰੀ ਅਨੰਦਪੁਰ ਸਾਹਿਬ 24 ਫਰਵਰੀ: ਹੋਲਾ ਮਹੱਲਾ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਵਿਖੇ ਲੱਖਾਂ ਸੰਗਤਾਂ ਦੇ ਪਹੁੰਚਣ ਮੌਕੇ ਅੱਜ ਤੋਂ ਪ੍ਰਸਾਸ਼ਨ ਵੱਲੋਂ ਸੰਪਰਦਾਇ ਡੇਰਾ ਕਾਰ ਸੇਵਾ ਭੂਰੀ ਵਾਲਿਆਂ ਸ੍ਰੀ ਅਮ੍ਰਿਤਸਰ ਸਾਹਿਬ ਬਾਬਾ ਕਸ਼ਮੀਰ ਸਿੰਘ ਜੀ, ਬਾਬਾ ਸੁਖਵਿੰਦਰ ਸਿੰਘ ਜੀ ਦੇ ਸਹਿਯੋਗ ਨਾਲ ਵਿਆਪਕ ਸਫਾਈ ਸੇਵਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਨੇੜੇ ਤੋ ਅਰੰਭ ਕਰ ਦਿੱਤੀ ਹੈ, ਜੋ ਕਿ ਹੋਲਾ ਮਹੱਲਾ ਤਿਉਹਾਰ ਦੀ ਸਮਾਪਤੀ ਤੱਕ ਜਾਰੀ ਰਹੇਗੀ।
ਤਹਿਸੀਲਦਾਰ ਸ੍ਰੀ ਅਨੰਦਪੁਰ ਸਾਹਿਬ ਵਿਨੋਦ ਕੁਮਾਰ ਅਤੇ ਕਾਰ ਸੇਵਾ ਭੂਰੀ ਵਾਲਿਆਂ ਦੇ ਸੇਵਾਦਾਰ ਬਾਬਾ ਸੁਵਿੰਦਰ ਸਿੰਘ ਜੀ, ਬਾਬਾ ਰਤਨ ਸਿੰਘ ਜੀ, ਬਾਬਾ ਕਾਲਾ ਜੀ, ਬਾਬਾ ਸੇਵਾ ਜੀ, ਭਾਈ ਅਮਰਜੀਤ ਸਿੰਘ ਵੱਲੋਂ ਨਗਰ ਕੋਂਸਲ ਦੇ ਕਰਮਚਾਰੀਆਂ ਅਤੇ ਭੂਰੀ ਵਾਲਿਆਂ ਦੇ ਸੇਵਾਦਾਰਾਂ ਦੇ ਸਹਿਯੋਗ ਨਾਲ ਅੱਜ ਵਿਆਪਕ ਸਫਾਈ ਮੁਹਿੰਮ ਦਾ ਆਗਾਜ਼ ਕਰ ਦਿੱਤਾ ਹੈ। ਕਾਰ ਸੇਵਕਾਂ ਵੱਲੋਂ ਫਲਦਾਰ, ਫੁੱਲਦਾਰ ਬੂਟਿਆ ਦੇ ਦਰੱਖਤਾਂ ਦੀ ਧੁਲਾਈ ਕਰਕੇ ਅਤੇ ਪਾਬੰਦੀ ਵਾਲੇ ਪਲਾਸਟਿਕ ਦੇ ਬਰਤਨਾਂ ਦੀ ਵਰਤੋ ਨਾ ਕਰਨ ਬਾਰੇ ਲੋਕਾਂ ਨੂੰ ਜਾਗਰੂਕ ਕਰਕੇ ਗਰੀਨ ਤੇ ਕਲੀਨ ਹੋਲਾ ਮਹੱਲਾ ਮਨਾਉਣ ਦੀ ਮੁਹਿੰਮ ਚਲਾਈ ਹੈ। ਭਾਈ ਅਮਰਜੀਤ ਸਿੰਘ ਨੇ ਦੱਸਿਆ ਕਿ ਭੂਰੀ ਵਾਲੇ ਮਹਾਪੁਰਸ਼ਾ ਵੱਲੋਂ ਸ਼ਹਿਰ ਵਿੱਚ ਕੂੜਾ ਇਕੱਠਾ ਕਰਕੇ ਇਸ ਦੇ ਪ੍ਰਬੰਧਨ ਲਈ ਪ੍ਰਸਾਸ਼ਨ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਵਿਚ ਸਹਿਯੋਗ ਪਾਇਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਹਰਜੋਤ ਬੈਂਸ ਕੈਬਨਿਟ ਮੰਤਰੀ ਅਤੇ ਅਦਿੱਤਿਆ ਡੇਚਲਵਾਲ ਡਿਪਟੀ ਕਮਿਸ਼ਨਰ ਰੂਪਨਗਰ ਦੀ ਅਗਵਾਈ ਵਿੱਚ ਜਿਲ੍ਹਾ ਪ੍ਰਸਾਸ਼ਨ ਅਤੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਵੱਲੋਂ ਸਫਾਈ ਮੁਹਿੰਮ ਲਗਾਤਾਰ ਜਾਰੀ ਰੱਖੀ ਜਾ ਰਹੀ ਹੈ। ਮੇਲਾ ਅਫਸਰ ਕਮ ਉਪ ਮੰਡਲ ਮੈਜਿਸਟ੍ਰੇਟ ਸੁਖਪਾਲ ਸਿੰਘ ਨਿਰੰਤਰ ਮੇਲਾ ਖੇਤਰ ਦਾ ਦੌਰਾ ਕਰਕੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦੇ ਰਹੇ ਹਨ।