logo

ਪੰਜਾਬ ਅਤੇ ਦੇਸ਼ ਦੀ ਮੌਜੂਦਾ ਰਾਜਨੀਤਿਕ ਸਥਿਤੀ ਇੱਕ ਗੰਭੀਰ ਚਿੰਤਾ ਵਿਸ਼ਾ, ਪੰਜਾਬ ਦੀ ਰਾਜਨੀਤੀ ਵਿੱਚ ਵੰਡ ਨਹੀਂ, ਸਾਂਝ ਦੀ ਲੋੜ..ਅਮਨਿੰਦਰ ਸਿੰਘ ਬੰਨੀ ਬਰਾੜ

ਫਰੀਦਕੋਟ:21,ਜਨਵਰੀ ( ਕੰਵਲ ਸਰਾਂ) ਪੰਜਾਬ ਅਤੇ ਦੇਸ਼ ਦੀ ਮੌਜੂਦਾ ਰਾਜਨੀਤਿਕ ਸਥਿਤੀ ਅੱਜ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਵਰਕਿੰਗ ਕਮੇਟੀ ਮੈਂਬਰ ਅਤੇ ਬੁਲਾਰੇ ਅਮਨਿੰਦਰ ਸਿੰਘ ਬੰਨੀ ਬਰਾੜ ਦੇ ਹਨ। ਇਹ ਚਿੰਤਾ ਕਿਸੇ ਇੱਕ ਪਾਰਟੀ ਖ਼ਿਲਾਫ਼ ਨਹੀਂ, ਸਗੋਂ ਉਸ ਸੋਚ ਖ਼ਿਲਾਫ਼ ਹੈ ਜੋ ਸਮਾਜ ਨੂੰ ਵੰਡ ਕੇ ਰਾਜਨੀਤਿਕ ਲਾਭ ਲੈਂਦੀ ਹੈ।
ਭਾਰਤ ਦੀ ਰਾਜਨੀਤੀ ਵਿੱਚ ਅੱਜ ਦੋ ਮੁੱਖ ਹਥਿਆਰ ਵਰਤੇ ਜਾ ਰਹੇ ਹਨ ਜਾਤੀ ਅਤੇ ਧਰਮ। ਕਾਂਗਰਸ ਪਾਰਟੀ ਦੀ ਰਾਜਨੀਤੀ ਦਾ ਇਤਿਹਾਸ ਅਕਸਰ ਜਾਤੀ ਆਧਾਰਿਤ ਸਮੀਕਰਨਾਂ ਨਾਲ ਜੁੜਿਆ ਰਿਹਾ ਹੈ। ਉੱਚ, ਮੱਧਮ ਅਤੇ ਨੀਚ ਵਰਗਾਂ ਦੇ ਨਾਂ ’ਤੇ ਨੇਤ੍ਰਿਤਵ ਤੈਅ ਕਰਨਾ ਸਮਾਜ ਵਿੱਚ ਅੰਦਰੂਨੀ ਖਾਈਆਂ ਪੈਦਾ ਕਰਦਾ ਹੈ। ਇਹ ਨੀਤੀ ਵੋਟਾਂ ਤਾਂ ਲੈ ਸਕਦੀ ਹੈ, ਪਰ ਸਮਾਜ ਨੂੰ ਜੋੜ ਨਹੀਂ ਸਕਦੀ। ਦੂਜੇ ਪਾਸੇ, ਭਾਰਤੀ ਜਨਤਾ ਪਾਰਟੀ ਦੀ ਰਾਜਨੀਤੀ ’ਤੇ ਧਾਰਮਿਕ ਧ੍ਰੁਵੀਕਰਨ ਦੇ ਦੋਸ਼ ਲਗਦੇ ਰਹੇ ਹਨ। ਹਿੰਦੂ : ਮੁਸਲਿਮ ਵੰਡ ਦੇ ਆਧਾਰ ’ਤੇ ਰਾਜਨੀਤੀ ਕਰਨਾ ਦੇਸ਼ ਦੀ ਸਾਂਝੀ ਸੰਸਕ੍ਰਿਤੀ ਲਈ ਖ਼ਤਰਾ ਹੈ। ਹਾਲੀਆ ਸਾਲਾਂ ਵਿੱਚ ਅਸੀਂ ਵੇਖਿਆ ਹੈ ਕਿ ਧਾਰਮਿਕ ਸਮਾਗਮਾਂ ਦੌਰਾਨ ਆਮ ਭਗਤਾਂ ਨੂੰ ਵੀ ਪ੍ਰਸ਼ਾਸਨਿਕ ਸਖ਼ਤੀ ਦਾ ਸਾਹਮਣਾ ਕਰਨਾ ਪਿਆ। ਇਹ ਘਟਨਾਵਾਂ ਇਹ ਸਵਾਲ ਖੜ੍ਹਾ ਕਰਦੀਆਂ ਹਨ ਕਿ ਸਿਰਫ਼ ਧਾਰਮਿਕ ਨਾਅਰਿਆਂ ਨਾਲ ਆਮ ਹਿੰਦੂ ਜਾਂ ਕਿਸੇ ਹੋਰ ਧਰਮ ਦੇ ਨਾਗਰਿਕ ਦੀ ਸੁਰੱਖਿਆ ਯਕੀਨੀ ਨਹੀਂ ਬਣਦੀ।ਵੋਟਾਂ ਲਈ ਆਪਣੇ ਹੀ ਧਰਮ ਦੇ ਸ਼ੰਕਰ ਚਾਰਿਆ ਨੂੰ ਬੇਇੱਜ਼ਤ ਕਰਨਾ ਕਿਓਂ ਬੀਜੇਪੀ ਦੇ ਹੱਕ ਵਿੱਚ ਨਹੀਂ ਭੁਗਤਤਾ ।ਐਸੀ ਖੇਡ ਸਮਾਜ ਲਈ ਖਤਰਨਾਕ ਹੈ ਅਤੇ ਸਹੀ ਧਰਮ ਵਿਰੋਧੀ ਵੀ । ਪੰਜਾਬ ਵਿੱਚ ਆਦਮੀ ਪਾਰਟੀ ਇੱਕ ਨਵੀਂ ਰਾਜਨੀਤੀ ਦੇ ਦਾਅਵੇ ਨਾਲ ਆਈ ਸੀ, ਪਰ ਅਫ਼ਸੋਸ ਨਾਲ ਕਹਿਣਾ ਪੈਂਦਾ ਹੈ ਕਿ ਕਈ ਵਾਰ ਉਸ ਦੀ ਰਾਹ ਵੀ ਕਾਂਗਰਸ ਵਾਲੀ ਜਾਤੀ ਆਧਾਰਿਤ ਰਾਜਨੀਤੀ ਵੱਲ ਜਾਂਦੀ ਨਜ਼ਰ ਆਈ। ਜਦੋਂ ਅਹੁਦੇ ਜਾਤੀ ਨਾਲ ਜੋੜ ਕੇ ਐਲਾਨ ਕੀਤੇ ਜਾਂਦੇ ਹਨ, ਤਾਂ ਇਹ ਸਮਾਨਤਾ ਨਹੀਂ, ਸਗੋਂ ਵੰਡ ਨੂੰ ਹੋਰ ਮਜ਼ਬੂਤ ਕਰਦਾ ਹੈ। ਪੰਜਾਬ ਦੀ ਰਾਜਨੀਤੀ ਦਿੱਲੀ ਦੇ ਦਫ਼ਤਰਾਂ ਤੋਂ ਨਹੀਂ, ਪੰਜਾਬ ਦੀ ਧਰਤੀ ਤੋਂ ਸਮਝੀ ਜਾਣੀ ਚਾਹੀਦੀ ਹੈ।ਇਸ ਸਾਰੇ ਸੰਦਰਭ ਵਿੱਚ, ਸ਼੍ਰੋਮਣੀ ਅਕਾਲੀ ਦਲ ਦੀ ਇਤਿਹਾਸਕ ਭੂਮਿਕਾ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। 1920 ਵਿੱਚ ਬਣਿਆ ਅਕਾਲੀ ਦਲ ਸਿਰਫ਼ ਇੱਕ ਰਾਜਨੀਤਿਕ ਪਾਰਟੀ ਨਹੀਂ ਸੀ, ਇਹ ਇੱਕ ਅੰਦੋਲਨ ਸੀ ਸਮਾਜ ਨੂੰ ਜੋੜਨ ਦਾ,ਇਨਸਾਫ਼ ਅਤੇ ਆਤਮ-ਸਨਮਾਨ ਦਾ। ਇਸ ਦੀ ਮੂਲ ਸੋਚ “ਸਰਬੱਤ ਦਾ ਭਲਾ” ਰਹੀ ਹੈ, ਜਿਸ ਵਿੱਚ ਕਿਸੇ ਇੱਕ ਜਾਤੀ ਜਾਂ ਧਰਮ ਦੀ ਨਹੀਂ, ਸਗੋਂ ਸਾਰੇ ਸਮਾਜ ਦੀ ਭਲਾਈ ਦੀ ਗੱਲ ਕੀਤੀ ਗਈ। ਪੰਜਾਬ ਅੱਜ ਵੰਡ ਦੀ ਨਹੀਂ, ਸਾਂਝ ਦੀ ਰਾਜਨੀਤੀ ਦੀ ਲੋੜ ਹੈ। ਸਾਨੂੰ ਸੋਚਣਾ ਹੋਵੇਗਾ ਕਿ ਅਸੀਂ ਆਪਣੇ ਬੱਚਿਆਂ ਨੂੰ ਕਿਹੋ ਜਿਹਾ ਸਮਾਜ ਦੇ ਕੇ ਜਾਣਾ ਚਾਹੁੰਦੇ ਹਾਂ ਵੰਡਿਆ ਹੋਇਆ ਜਾਂ ਇਕੱਠਿਆ ਹੋਇਆ। ਇਤਿਹਾਸ ਗਵਾਹ ਹੈ ਕਿ ਜਿਹੜੀ ਰਾਜਨੀਤੀ ਲੋਕਾਂ ਨੂੰ ਜੋੜਦੀ ਹੈ, ਓਹੀ ਲੰਬੇ ਸਮੇਂ ਤੱਕ ਕਾਇਮ ਰਹਿੰਦੀ ਹੈ। ਬੰਨੀ ਬਰਾੜ ਦੇ ਵਿਚਾਰ ਅੱਜ ਦੀ ਸਥਿਤੀ ਵਿੱਚ ਬਹੁਤ ਅਹਿਮੀਅਤ ਰੱਖਦੇ ਹਨ ਉਹਨਾਂ ਅਪੀਲ ਕੀਤੀ ਹੈ
ਅਸੀਂ ਸਾਰੇ ਮਿਲ ਕੇ ਉਸ ਰਾਜਨੀਤੀ ਦਾ ਸਮਰਥਨ ਕਰੀਏ ਜੋ ਨਫ਼ਰਤ ਨਹੀਂ, ਨਿਆਂ ਪੈਦਾ ਕਰੇ; ਜੋ ਵੰਡ ਨਹੀਂ, ਸਾਂਝ ਬਣਾਏ; ਅਤੇ ਜੋ ਸੱਚਮੁੱਚ “ਸਰਬੱਤ ਦਾ ਭਲਾ” ਕਰੇ।ਪੰਜਾਬ ਪੰਜਾਬੀਅਤ ਜ਼ਿੰਦਾਬਾਦ ਦੇ ਰਾਹ ਤੇ ਚੱਲੇ।

41
1365 views