logo

ਹਰਜੋਤ ਸਿੰਘ ਬੈਂਸ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿੱਚ ਲੋਕ ਮਿਲਣੀ, ਲੋਕਾਂ ਦੀਆਂ ਸ਼ਿਕਾਇਤਾਂ ਦਾ ਮੌਕੇ ’ਤੇ ਨਿਪਟਾਰਾ

ਹਰਜੋਤ ਸਿੰਘ ਬੈਂਸ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿੱਚ ਲੋਕ ਮਿਲਣੀ, ਲੋਕਾਂ ਦੀਆਂ ਸ਼ਿਕਾਇਤਾਂ ਦਾ ਮੌਕੇ ’ਤੇ ਨਿਪਟਾਰਾ
ਦਰਵਾਜ਼ੇ ’ਤੇ ਸਰਕਾਰ: ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਲੋਕ ਸੰਪਰਕ ਕੀਤਾ ਮਜ਼ਬੂਤ
ਸ੍ਰੀ ਆਨੰਦਪੁਰ ਸਾਹਿਬ, 11 ਜਨਵਰੀ: ਪੰਜਾਬ ਦੇ ਕੈਬਨਿਟ ਮੰਤਰੀ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ, ਸ. ਹਰਜੋਤ ਸਿੰਘ ਬੈਂਸ ਨੇ ਅੱਜ ਪਾਵਰਕਾਮ ਗੈਸਟ ਹਾਊਸ, ਸ੍ਰੀ ਅਨੰਦਪੁਰ ਸਾਹਿਬ ਵਿੱਚ ਲੋਕ ਮਿਲਣੀ ਪ੍ਰੋਗਰਾਮ ਕੀਤਾ। ਇਸ ਦਾ ਉਦੇਸ਼ ਸ੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਦੇ ਵਸਨੀਕਾਂ ਦੀਆਂ ਸ਼ਿਕਾਇਤਾਂ ਸੁਣ ਕੇ ਉਨ੍ਹਾਂ ਦੇ ਮੁੱਦਿਆਂ ਦਾ ਨਿਪਟਾਰਾ ਕਰਨਾ ਸੀ।
     ਪ੍ਰੋਗਰਾਮ ਦੌਰਾਨ ਹਲਕੇ ਦੇ ਵੱਖ-ਵੱਖ ਪਿੰਡਾਂ ਅਤੇ ਕਸਬਿਆਂ ਤੋਂ ਆਏ ਲੋਕਾਂ ਨੇ ਕੈਬਨਿਟ ਮੰਤਰੀ ਨਾਲ ਸਿੱਧੀ ਮੁਲਾਕਾਤ ਕਰਕੇ ਸਿਹਤ ਸੇਵਾਵਾਂ, ਦਰਿਆ ਉੱਤੇ ਪੁਲਾਂ ਰਾਹੀਂ ਕਨੈਕਟੀਵਿਟੀ, ਹੜ੍ਹ ਪ੍ਰਭਾਵਿਤ ਇਲਾਕਿਆਂ, ਡਰੇਨੇਜ, ਸਟ੍ਰੀਟ ਲਾਈਟਾਂ, ਪਾਣੀ ਸਪਲਾਈ, ਬਿਜਲੀ ਸਪਲਾਈ, ਸੜਕਾਂ, ਰੈਵਨਿਊ ਮਾਮਲਿਆਂ, ਸਮਾਜਿਕ ਭਲਾਈ ਸਕੀਮਾਂ ਅਤੇ ਹੋਰ ਨਾਗਰਿਕ ਮੁੱਦਿਆਂ ਸਬੰਧੀ ਆਪਣੀਆਂ ਸਮੱਸਿਆਵਾਂ ਰੱਖੀਆਂ। ਕੈਬਨਿਟ ਮੰਤਰੀ ਨੇ ਧਿਆਨ ਨਾਲ ਹਰ ਸ਼ਿਕਾਇਤ ਸੁਣੀ ਅਤੇ ਸਬੰਧਤ ਵਿਭਾਗੀ ਅਧਿਕਾਰੀਆਂ ਨੂੰ ਸਮੇਂ-ਬੱਧ ਨਿਪਟਾਰੇ ਲਈ ਮੌਕੇ ’ਤੇ ਹੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ।
    ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਪਿਛਲੇ ਚਾਰ ਸਾਲਾਂ ਤੋਂ ਉਹ ਨਿਰੰਤਰ “ਸਾਡਾ ਐਮਐਲਏ, ਸਾਡੇ ਵਿਚ” ਜਨ ਸੰਪਰਕ ਪ੍ਰੋਗਰਾਮ ਆਯੋਜਿਤ ਕਰ ਰਹੇ ਹਨ, ਜਿਸ ਨੂੰ ਲੋਕਾਂ ਵੱਲੋਂ ਬੇਹੱਦ ਚੰਗਾ ਹੁੰਗਾਰਾ ਮਿਲਿਆ ਹੈ। ਪਹਿਲਾਂ ਇਹ ਪ੍ਰੋਗਰਾਮ ਮੁੱਖ ਤੌਰ ’ਤੇ 2 ਆਰਵੀਆਰ, ਨੰਗਲ ਵਿੱਚ ਹੁੰਦੇ ਸਨ, ਪਰ ਲੋਕਾਂ ਦੀ ਸੁਵਿਧਾ ਨੂੰ ਧਿਆਨ ਵਿੱਚ ਰੱਖਦਿਆਂ ਅੱਜ ਦੀ ਲੋਕ ਮਿਲਣੀ ਸ੍ਰੀ ਅਨੰਦਪੁਰ ਸਾਹਿਬ ਵਿੱਚ ਹੀ ਆਯੋਜਿਤ ਕੀਤੀ ਗਈ।
    ਕੈਬਨਿਟ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਦੀ ਦੂਰਦਰਸ਼ੀ ਸੋਚ ਅਧੀਨ “ਸਰਕਾਰ ਤੁਹਾਡੇ ਦੁਆਰ” ਵਰਗੀਆਂ ਕਈ ਲੋਕ-ਹਿਤੈਸ਼ੀ ਪਹਿਲਕਦਮੀਆਂ ਲਾਗੂ ਕੀਤੀਆਂ ਗਈਆਂ ਹਨ। ਇਨ੍ਹਾਂ ਪਹਿਲ ਕਦਮੀਆਂ ਰਾਹੀਂ ਉਹ ਖੁਦ ਹਲਕੇ ਦੇ ਸੈਂਕੜੇ ਪਿੰਡਾਂ ਦਾ ਦੌਰਾ ਕਰ ਚੁੱਕੇ ਹਨ ਤਾਂ ਜੋ ਵਸਨੀਕਾਂ ਨਾਲ ਸਿੱਧਾ ਸੰਪਰਕ ਬਣਾਇਆ ਜਾ ਸਕੇ। ਇਨ੍ਹਾਂ ਮੁਲਾਕਾਤਾਂ ਨਾਲ ਸਰਕਾਰ ਨੂੰ ਜ਼ਮੀਨੀ ਪੱਧਰ ਦੇ ਮੁੱਦਿਆਂ ਦੀ ਸਮਝ ਬਣੀ ਹੈ ਅਤੇ  ਵਿਕਾਸ ਲਈ ਤਰਜੀਹਾਂ ਨਿਰਧਾਰਤ ਕਰਨ ਵਿੱਚ ਮੱਦਦ ਮਿਲੀ ਹੈ।
    ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਖ਼ਾਸ ਕਰਕੇ ਮਜ਼ਦੂਰ ਵਰਗ, ਵੱਡੀ ਉਮਰ ਦੇ ਨਾਗਰਿਕਾਂ ਅਤੇ ਵਿਦਿਆਰਥੀਆਂ ਲਈ ਬਹੁਤ ਲਾਭਕਾਰੀ ਹਨ, ਕਿਉਂਕਿ ਉਨ੍ਹਾਂ ਨੂੰ ਵਾਰ-ਵਾਰ ਸਰਕਾਰੀ ਦਫ਼ਤਰਾਂ ਦੇ ਚੱਕਰ ਨਹੀਂ ਲਗਾਉਣੇ ਪੈਂਦੇ। ਇਸ ਦੀ ਬਜਾਏ ਉਨ੍ਹਾਂ ਨੂੰ ਆਪਣੇ ਚੁਣੇ ਹੋਏ ਪ੍ਰਤੀਨਿਧੀ ਨਾਲ ਸਿੱਧੀ ਮੁਲਾਕਾਤ ਕਰਕੇ ਤੁਰੰਤ ਹੱਲ ਪ੍ਰਾਪਤ ਕਰਨ ਲਈ ਇੱਕ ਮੰਚ ਮਿਲਦਾ ਹੈ। ਇਹ ਜਨਤਕ ਮਿਲਣੀਆਂ ਪੰਜਾਬ ਸਰਕਾਰ ਦੀਆਂ ਵੱਖ-ਵੱਖ ਭਲਾਈ ਸਕੀਮਾਂ ਬਾਰੇ ਜਾਗਰੂਕਤਾ ਫੈਲਾਉਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ, ਜਿਸ ਨਾਲ ਲੋਕ ਬਿਨਾਂ ਕਿਸੇ ਰੁਕਾਵਟ ਦੇ ਲਾਭ ਪ੍ਰਾਪਤ ਕਰ ਸਕਦੇ ਹਨ।
     ਸ. ਹਰਜੋਤ ਸਿੰਘ ਬੈਂਸ ਨੇ ਆਮ ਆਦਮੀ ਪਾਰਟੀ ਦੇ ਸੇਵਾਦਾਰਾਂ ਦੀ ਸਮਰਪਿਤ ਮਿਹਨਤ ਦੀ ਸਰਾਹਨਾ ਕੀਤੀ, ਜੋ ਇਨ੍ਹਾਂ ਜਨ ਸੰਪਰਕ ਮੁਹਿੰਮਾਂ ਦੌਰਾਨ ਨਿਸ਼ਕਾਮ ਭਾਵ ਨਾਲ ਲੋਕਾਂ ਦੀ ਮੱਦਦ ਕਰਦੇ ਹਨ ਅਤੇ ਪ੍ਰੋਗਰਾਮਾਂ ਦੀ ਸੁਚਾਰੂ ਪ੍ਰਬੰਧਨਾ ਯਕੀਨੀ ਬਣਾਉਂਦੇ ਹਨ।
    ਕੈਬਨਿਟ ਮੰਤਰੀ ਨੇ ਕਿਹਾ ਕਿ ਲੋਕਾਂ ਵੱਲੋਂ ਮਿਲ ਰਿਹਾ ਸਕਾਰਾਤਮਕ ਫੀਡਬੈਕ ਇਹ ਸਾਬਤ ਕਰਦਾ ਹੈ ਕਿ ਇਨ੍ਹਾਂ ਪਹਿਲਕਦਮੀਆਂ ਨਾਲ ਸ਼ਾਸਨ ਵਿੱਚ ਪਾਰਦਰਸ਼ਤਾ, ਭਰੋਸਾ ਅਤੇ ਪਹੁੰਚ ਹੋਰ ਮਜ਼ਬੂਤ ਹੋਈ ਹੈ। ਹਰਜੋਤ ਬੈਂਸ ਨੇ ਕਿਹਾ, “ਸਾਡਾ ਮਕਸਦ ਸਰਕਾਰ ਨੂੰ ਲੋਕਾਂ ਤੱਕ ਲਿਜਾਣਾ, ਸ਼ਿਕਾਇਤਾਂ ਦਾ ਤੇਜ਼ੀ ਨਾਲ ਨਿਪਟਾਰਾ ਯਕੀਨੀ ਬਣਾਉਣਾ ਅਤੇ ਇਹ ਯਕੀਨ ਬਣਾਉਣਾ ਹੈ ਕਿ ਪੰਜਾਬ ਸਰਕਾਰ ਦੀਆਂ ਭਲਾਈ ਸਕੀਮਾਂ ਦਾ ਲਾਭ ਹਰ ਯੋਗ ਨਾਗਰਿਕ ਤੱਕ ਪਹੁੰਚੇ।”

55
2288 views