
ਹਰ ਪੰਜਾਬੀ ਤੱਕ ਸੁਰੱਖਿਅਤ ਅਤੇ ਟਿਕਾਊ ਸੜਕਾਂ ਪਹੁੰਚਾਉਣਾ ਮਾਨ ਸਰਕਾਰ ਦੀ ਪ੍ਰਾਥਮਿਕਤਾ - ਹਰਜੋਤ ਸਿੰਘ ਬੈਂਸ
ਹਰ ਪੰਜਾਬੀ ਤੱਕ ਸੁਰੱਖਿਅਤ ਅਤੇ ਟਿਕਾਊ ਸੜਕਾਂ ਪਹੁੰਚਾਉਣਾ ਮਾਨ ਸਰਕਾਰ ਦੀ ਪ੍ਰਾਥਮਿਕਤਾ - ਹਰਜੋਤ ਸਿੰਘ ਬੈਂਸ
ਸੜਕਾਂ ਦੇ ਕੰਮਾਂ ਦੀ ਨਿਗਰਾਨੀ ਲਈ “CM ਫਲਾਇੰਗ ਸਕੁਐਡ” ਸਰਗਰਮ- ਕੈਬਨਿਟ ਮੰਤਰੀ
ਸ੍ਰੀ ਅਨੰਦਪੁਰ ਸਾਹਿਬ 06 ਜਨਵਰੀ : ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਹਰ ਪੰਜਾਬੀ ਤੱਕ ਸੁਰੱਖਿਅਤ, ਮਜ਼ਬੂਤ ਅਤੇ ਟਿਕਾਊ ਸੜਕਾਂ ਦੀ ਸੁਵਿਧਾ ਪਹੁੰਚਾਉਣਾ ਹੈ। ਉਨ੍ਹਾਂ ਦੱਸਿਆ ਕਿ ਸੂਬੇ ਭਰ ਵਿੱਚ ਚੱਲ ਰਹੇ ਸੜਕ ਵਿਕਾਸ ਦੇ ਪ੍ਰੋਜੈਕਟਾਂ ਨੂੰ ਤੇਜ਼ੀ ਨਾਲ ਪੂਰਾ ਕੀਤਾ ਜਾ ਰਿਹਾ ਹੈ ਤਾਂ ਜੋ ਆਮ ਲੋਕਾਂ ਨੂੰ ਆਵਾਜਾਈ ਵਿੱਚ ਸੁਵਿਧਾ ਮਿਲੇ ਅਤੇ ਵਪਾਰ, ਉਦਯੋਗ ਤੇ ਖੇਤੀਬਾੜੀ ਨੂੰ ਹੋਰ ਮਜ਼ਬੂਤੀ ਮਿਲੇ।
ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਸੜਕਾਂ ਦੀ ਗੁਣਵੱਤਾ ਨਾਲ ਸਮਝੌਤਾ ਕੀਤਾ ਜਾਂਦਾ ਸੀ, ਜਿਸ ਕਾਰਨ ਕੁਝ ਸਮੇਂ ਬਾਅਦ ਹੀ ਸੜਕਾਂ ਟੁੱਟ ਜਾਂਦੀਆਂ ਸਨ। ਪਰ ਮਾਨ ਸਰਕਾਰ ਨੇ ਇਹ ਫੈਸਲਾ ਕੀਤਾ ਹੈ ਕਿ ਹੁਣ ਹਰ ਵਿਕਾਸ ਕੰਮ ਗੁਣਵੱਤਾ ਅਤੇ ਪਾਰਦਰਸ਼ਤਾ ਨਾਲ ਕੀਤਾ ਜਾਵੇਗਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸੜਕਾਂ ਸਿਰਫ਼ ਬਣਾਉਣੀ ਹੀ ਨਹੀਂ, ਸਗੋਂ ਲੰਮੇ ਸਮੇਂ ਤੱਕ ਚੱਲਣ ਯੋਗ ਹੋਣੀ ਚਾਹੀਦੀ ਹੈ।
ਕੈਬਨਿਟ ਮੰਤਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੜਕਾਂ ਦੇ ਕੰਮਾਂ ਦੀ ਨਿਰੰਤਰ ਅਤੇ ਕੜੀ ਨਿਗਰਾਨੀ ਲਈ “CM ਫਲਾਇੰਗ ਸਕੁਐਡ” ਨੂੰ ਸਰਗਰਮ ਕੀਤਾ ਗਿਆ ਹੈ। ਇਹ ਟੀਮ ਅਚਾਨਕ ਮੌਕੇ ‘ਤੇ ਪਹੁੰਚ ਕੇ ਕੰਮ ਦੀ ਗੁਣਵੱਤਾ, ਮਟੀਰੀਅਲ ਅਤੇ ਮਿਆਰ ਦੀ ਜਾਂਚ ਕਰਦੀ ਹੈ। ਜੇ ਕਿਸੇ ਵੀ ਪ੍ਰੋਜੈਕਟ ਵਿੱਚ ਘਾਟ ਜਾਂ ਲਾਪਰਵਾਹੀ ਪਾਈ ਜਾਂਦੀ ਹੈ ਤਾਂ ਸੰਬੰਧਤ ਠੇਕੇਦਾਰਾਂ ਅਤੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਂਦੀ ਹੈ।
ਹਰਜੋਤ ਸਿੰਘ ਬੈਂਸ ਨੇ ਕਿਹਾ ਕਿ CM ਫਲਾਇੰਗ ਸਕੁਐਡ ਦਾ ਮੁੱਖ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਸਰਕਾਰੀ ਪੈਸੇ ਦਾ ਸਹੀ ਇਸਤੇਮਾਲ ਹੋਵੇ ਅਤੇ ਲੋਕਾਂ ਨੂੰ ਭਰੋਸੇਯੋਗ ਵਿਕਾਸ ਮਿਲੇ। ਉਨ੍ਹਾਂ ਦੱਸਿਆ ਕਿ ਇਸ ਪ੍ਰਣਾਲੀ ਨਾਲ ਸੜਕਾਂ ਦੀ ਗੁਣਵੱਤਾ ਵਿੱਚ ਸਪਸ਼ਟ ਸੁਧਾਰ ਆਇਆ ਹੈ ਅਤੇ ਲੋਕਾਂ ਦਾ ਸਰਕਾਰ ‘ਤੇ ਭਰੋਸਾ ਹੋਰ ਮਜ਼ਬੂਤ ਹੋਇਆ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਵਿਕਾਸ ਦੇ ਮਾਮਲੇ ਵਿੱਚ ਕੋਈ ਸਮਝੌਤਾ ਨਹੀਂ ਕਰੇਗੀ।