
ਮਨਰੇਗਾ ’ਤੇ ਕੇਂਦਰ ਦਾ ਵੱਡਾ ਹਮਲਾ! ਨਾਂ ਬਦਲਣ ਤੇ ਕਾਨੂੰਨੀ ਸੋਧਾਂ ਖ਼ਿਲਾਫ਼ ਕਿਸਾਨ–ਮਜ਼ਦੂਰ ਸੜਕਾਂ ’ਤੇ, ਮੱਲਾਂਵਾਲਾ ਤੋਂ ਡੀਸੀ ਦਫ਼ਤਰ ਫ਼ਿਰੋਜ਼ਪੁਰ ਵੱਲ ਰਵਾਨਾ ਜਥਾ
ਮੱਲਾਂਵਾਲਾ : 29 ਦਸੰਬਰ 2025-(ਤਿਲਕ ਸਿੰਘ ਰਾਏ )-
ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ’ਤੇ ਅੱਜ ਪੰਜਾਬ ਭਰ ਵਿੱਚ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸ ਲੜੀ ਤਹਿਤ ਡੀਸੀ ਦਫ਼ਤਰ ਫ਼ਿਰੋਜ਼ਪੁਰ ਅੱਗੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਜਾਣਾ ਹੈ। ਇਸ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜੋਨ ਮੱਲਾਂਵਾਲਾ ਦਾ ਜਥਾ, ਜੋਨ ਆਗੂ ਮੱਸਾ ਸਿੰਘ ਆਸਫ਼ ਵਾਲਾ ਅਤੇ ਗੁਰਮੁੱਖ ਸਿੰਘ ਦੀ ਅਗਵਾਈ ਹੇਠ ਮੱਲਾਂਵਾਲਾ ਤੋਂ ਫ਼ਿਰੋਜ਼ਪੁਰ ਲਈ ਰਵਾਨਾ ਹੋਇਆ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਗੁਰਮੇਲ ਸਿੰਘ ਫੱਤੇਵਾਲਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਮਜ਼ਦੂਰਾਂ ਦੇ ਹੱਕਾਂ ’ਤੇ ਡਾਕਾ ਮਾਰਦਿਆਂ ਮਨਰੇਗਾ ਸਕੀਮ ਵਿੱਚ ਵੱਡੀਆਂ ਤਬਦੀਲੀਆਂ ਕੀਤੀਆਂ ਗਈਆਂ ਹਨ ਅਤੇ ਸਕੀਮ ਦਾ ਨਾਂ ਬਦਲ ਕੇ “ਜੀ ਰਾਮ ਜੀ” ਰੱਖ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਇਸ ਸਕੀਮ ਅਧੀਨ 90 ਫ਼ੀਸਦੀ ਹਿੱਸਾ ਕੇਂਦਰ ਸਰਕਾਰ ਅਤੇ 10 ਫ਼ੀਸਦੀ ਪੰਜਾਬ ਸਰਕਾਰ ਵੱਲੋਂ ਦਿੱਤਾ ਜਾਂਦਾ ਸੀ, ਪਰ ਹੁਣ ਕਾਨੂੰਨ ਵਿੱਚ ਸੋਧ ਕਰਕੇ ਕੇਂਦਰ ਦਾ ਹਿੱਸਾ 60 ਫ਼ੀਸਦੀ ਅਤੇ 40 ਫ਼ੀਸਦੀ ਦਾ ਵਾਧੂ ਬੋਝ ਪੰਜਾਬ ਸਰਕਾਰ ’ਤੇ ਪਾ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਪਹਿਲਾਂ ਹੀ ਭਾਰੀ ਕਰਜ਼ੇ ਹੇਠ ਦਬਿਆ ਹੋਇਆ ਹੈ ਅਤੇ ਇਹ ਬੋਝ ਝੱਲਣਾ ਮੁਸ਼ਕਲ ਹੋਵੇਗਾ, ਜਿਸ ਕਾਰਨ ਬਹੁਤ ਸਾਰੇ ਮਜ਼ਦੂਰ ਮਨਰੇਗਾ ਸਕੀਮ ਦੇ ਲਾਭ ਤੋਂ ਵੰਝੇ ਰਹਿ ਜਾਣਗੇ। ਖਾਸ ਕਰਕੇ ਪੇਂਡੂ ਖੇਤਰਾਂ ਨਾਲ ਜੁੜੇ ਮਜ਼ਦੂਰਾਂ ’ਤੇ ਇਸ ਦਾ ਸਿੱਧਾ ਮਾਰ ਪਵੇਗੀ।
ਡਾ. ਗੁਰਮੇਲ ਸਿੰਘ ਨੇ ਮੰਗ ਕੀਤੀ ਕਿ ਮਨਰੇਗਾ ਸਕੀਮ ਨੂੰ ਪਹਿਲਾਂ ਵਾਂਗ ਬਹਾਲ ਕੀਤਾ ਜਾਵੇ, ਹਰ ਮਜ਼ਦੂਰ ਨੂੰ 200 ਦਿਨਾਂ ਦਾ ਕੰਮ ਅਤੇ 700 ਰੁਪਏ ਰੋਜ਼ਾਨਾ ਦਿਹਾੜੀ ਦਿੱਤੀ ਜਾਵੇ। ਇਸ ਦੇ ਨਾਲ ਹੀ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਲੰਬਿਤ ਮੰਗਾਂ ਤੁਰੰਤ ਲਾਗੂ ਕੀਤੀਆਂ ਜਾਣ, ਬਿਜਲੀ ਸੋਧ ਬਿਲ ਨੂੰ ਮੁੱਢੋਂ ਰੱਦ ਕੀਤਾ ਜਾਵੇ, ਚਿੱਪ ਵਾਲੇ ਮੀਟਰ ਲਗਾਉਣ ਬੰਦ ਕੀਤੇ ਜਾਣ ਅਤੇ ਕਿਸਾਨਾਂ–ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮਾਫ਼ ਕੀਤਾ ਜਾਵੇ।
ਇਸ ਮੌਕੇ ਸੁਖਦੇਵ ਸਿੰਘ, ਹਰਦੀਪ ਸਿੰਘ, ਗੁਰਮੇਜ ਸਿੰਘ, ਕੁਲਦੀਪ ਸਿੰਘ, ਜੋਗਾ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਮਜ਼ਦੂਰ ਜਥੇ ਵਿੱਚ ਸ਼ਾਮਲ ਹੋ ਕੇ ਡੀਸੀ ਦਫ਼ਤਰ ਫ਼ਿਰੋਜ਼ਪੁਰ ਲਈ ਰਵਾਨਾ ਹੋਏ।