logo

ਕ੍ਰਿਸਮਸ ਮੌਕੇ ਫਿਰੋਜ਼ਪੁਰ ਦੇ ਵੱਖ-ਵੱਖ ਚਰਚਾਂ ਵਿੱਚ ਘੱਟ ਗਿਣਤੀ ਮੋਰਚਾ ਪੰਜਾਬ ਵੱਲੋਂ ਹਾਜ਼ਰੀ, ਪਿਆਰ ਤੇ ਭਾਈਚਾਰਕ ਸਾਂਝ ਦਾ ਸੰਦੇਸ਼


ਮੱਲਾਂਵਾਲਾ :-( ਤਿਲਕ ਸਿੰਘ ਰਾਏ ) — ਕ੍ਰਿਸਮਸ ਦੇ ਪਾਵਨ ਤਿਉਹਾਰ ਮੌਕੇ ਘੱਟ ਗਿਣਤੀ ਮੋਰਚਾ ਪੰਜਾਬ ਵੱਲੋਂ ਥੋਮਸ ਮਸੀਹ ਆਪਣੀ ਟੀਮ ਸਮੇਤ ਫਿਰੋਜ਼ਪੁਰ ਸ਼ਹਿਰ ਅਤੇ ਨੇੜਲੇ ਇਲਾਕਿਆਂ ਦੇ ਵੱਖ-ਵੱਖ ਚਰਚਾਂ ਵਿੱਚ ਪਹੁੰਚੇ ਅਤੇ ਹਾਜ਼ਰੀ ਲਗਵਾਈ। ਇਸ ਦੌਰਾਨ ਉਨ੍ਹਾਂ ਨੇ ਮਸੀਹੀ ਭਾਈਚਾਰੇ ਸਮੇਤ ਸਾਰੇ ਸ਼ਹਿਰ ਵਾਸੀਆਂ ਨੂੰ ਕ੍ਰਿਸਮਸ ਦੀਆਂ ਦਿਲੋਂ ਵਧਾਈਆਂ ਦਿੱਤੀਆਂ।
ਚਰਚਾਂ ਵਿੱਚ ਪਹੁੰਚਣ ’ਤੇ ਸੰਗਤ ਅਤੇ ਚਰਚ ਪ੍ਰਬੰਧਕਾਂ ਵੱਲੋਂ ਥੋਮਸ ਮਸੀਹ ਅਤੇ ਉਨ੍ਹਾਂ ਦੀ ਟੀਮ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਥੋਮਸ ਮਸੀਹ ਦੀ ਟੀਮ ਵਿੱਚ ਪਾਸਟਰ ਯਾਕੂਬ, ਪਾਸਟਰ ਜਗਦੀਸ਼, ਪਾਸਟਰ ਅਲੀਸ਼ਾ, ਭਾਈ ਸਤਪਾਲ, ਪਾਸਟਰ ਜੱਜ, ਪਾਸਟਰ ਸੈਮ ਅਤੇ ਪੀਟਰ ਜੋਨ ਸ਼ਾਮਲ ਸਨ।
ਥੋਮਸ ਮਸੀਹ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਕ੍ਰਿਸਮਸ ਦਾ ਤਿਉਹਾਰ ਸਿਰਫ਼ ਪ੍ਰਭੂ ਯਿਸ਼ੂ ਮਸੀਹ ਜੀ ਦੇ ਜਨਮ ਦੀ ਖੁਸ਼ੀ ਮਨਾਉਣ ਦਾ ਦਿਨ ਨਹੀਂ, ਸਗੋਂ ਇਹ ਪਿਆਰ, ਤਿਆਗ ਅਤੇ ਨਿਸ਼ਕਾਮ ਸੇਵਾ ਦੀ ਭਾਵਨਾ ਨੂੰ ਵੀ ਦਰਸਾਉਂਦਾ ਹੈ। ਉਨ੍ਹਾਂ ਆਖਿਆ ਕਿ ਪ੍ਰਭੂ ਯਿਸ਼ੂ ਮਸੀਹ ਦਾ ਜੀਵਨ ਸਾਨੂੰ ਹਰ ਇਕ ਮਨੁੱਖ ਨਾਲ ਪਿਆਰ ਕਰਨ, ਦਇਆ ਅਤੇ ਮਾਫ਼ੀ ਦੀ ਭਾਵਨਾ ਅਪਣਾਉਣ ਦੀ ਪ੍ਰੇਰਣਾ ਦਿੰਦਾ ਹੈ।
ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਆਪਸੀ ਭਾਈਚਾਰਕ ਸਾਂਝ ਅਤੇ ਏਕਤਾ ਬਹੁਤ ਜ਼ਰੂਰੀ ਹੈ। ਵੱਖ-ਵੱਖ ਧਰਮਾਂ, ਜਾਤਾਂ ਅਤੇ ਵਰਗਾਂ ਦੇ ਲੋਕਾਂ ਨੂੰ ਮਿਲਜੁਲ ਕੇ ਰਹਿਣਾ ਚਾਹੀਦਾ ਹੈ ਤਾਂ ਜੋ ਸਮਾਜ ਵਿੱਚ ਅਮਨ, ਸ਼ਾਂਤੀ ਅਤੇ ਭਰਾਤਰੀ ਭਾਵ ਬਣਿਆ ਰਹੇ। ਇਸ ਦੇ ਨਾਲ ਹੀ ਉਨ੍ਹਾਂ ਨੇ ਹਰ ਧਰਮ ਦਾ ਸਤਿਕਾਰ ਕਰਨ ਦੀ ਅਪੀਲ ਕੀਤੀ।
ਅੰਤ ਵਿੱਚ ਥੋਮਸ ਮਸੀਹ ਨੇ ਨੌਜਵਾਨਾਂ ਨੂੰ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਰਹਿ ਕੇ ਸਮਾਜ ਸੇਵਾ ਅਤੇ ਲੋਕ ਭਲਾਈ ਦੇ ਕੰਮਾਂ ਨਾਲ ਜੁੜਣ ਦਾ ਸੱਦਾ ਦਿੱਤਾ। ਇਸ ਮੌਕੇ ਘੱਟ ਗਿਣਤੀ ਮੋਰਚਾ ਪੰਜਾਬ ਦੀ ਟੀਮ, ਚਰਚ ਪ੍ਰਬੰਧਕ, ਸਮਾਜਿਕ ਆਗੂ ਅਤੇ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਰਹੀ।

3
333 views