
ਨੇਹਰੂ ਸਟੇਡੀਅਮ ਫਰੀਦਕੋਟ ‘ਚ ਨਸ਼ਾ, ਸ਼ਰਾਬ ਤੇ ਜੂਏ ਦਾ ਅੱਡਾ ਬਣਨਾ ਗੰਭੀਰ ਚਿੰਤਾ — ਅਰਸ਼ ਸੱਚਰ ਵੱਲੋਂ ਮੁੱਖ ਮੰਤਰੀ ਨੂੰ ਤੁਰੰਤ ਦਖਲ ਦੇਣ ਦੀ ਮੰਗ
ਫਰੀਦਕੋਟ,25.12.25 (ਨਾਇਬ ਰਾਜ)
ਫਰੀਦਕੋਟ ਦੇ ਨੇਹਰੂ ਸਟੇਡੀਅਮ ਵਿੱਚ ਖੁੱਲ੍ਹੇਆਮ ਨਸ਼ਾ ਸੇਵਨ, ਸ਼ਰਾਬ ਪੀਣ ਅਤੇ ਜੂਏ ਵਰਗੀਆਂ ਗੈਰ-ਕਾਨੂੰਨੀ ਸਰਗਰਮੀਆਂ ਦਾ ਚੱਲਣਾ ਪੰਜਾਬ ਸਰਕਾਰ ਦੀ ਨਸ਼ਾ-ਵਿਰੋਧੀ ਨੀਤੀ ਲਈ ਇੱਕ ਵੱਡੀ ਚੁਣੌਤੀ ਬਣ ਚੁੱਕੀ ਹੈ। ਇਹ ਗੱਲ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਸਮਾਜ ਸੇਵਕ ਅਰਸ਼ ਸੱਚਰ ਨੇ ਕਹੀ।
ਅਰਸ਼ ਸੱਚਰ ਨੇ ਦੱਸਿਆ ਕਿ ਜਿਸ ਸਟੇਡੀਅਮ ਨੂੰ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਬਣਾਇਆ ਗਿਆ ਸੀ, ਉਹ ਅੱਜ ਨਸ਼ੇੜੀਆਂ ਅਤੇ ਜੂਆਰੀਆਂ ਦਾ ਅੱਡਾ ਬਣਦਾ ਜਾ ਰਿਹਾ ਹੈ, ਜੋ ਨੌਜਵਾਨਾਂ ਦੇ ਭਵਿੱਖ ਨਾਲ ਸਿੱਧੀ ਖੇਡ ਹੈ।
ਉਨ੍ਹਾਂ ਕਿਹਾ ਕਿ ਸਟੇਡੀਅਮ ਦੇ ਅੰਦਰ ਸ਼ਰਾਬ ਦੀਆਂ ਬੋਤਲਾਂ, ਤਮਾਕੂ ਅਤੇ ਨਸ਼ੀਲੇ ਪਦਾਰਥਾਂ ਦਾ ਕੂੜਾ ਆਮ ਤੌਰ ‘ਤੇ ਮਿਲਣਾ ਇਹ ਸਾਬਤ ਕਰਦਾ ਹੈ ਕਿ ਇਹ ਸਭ ਕੁਝ ਪ੍ਰਸ਼ਾਸਨ ਦੀ ਨੱਕ ਹੇਠ ਹੋ ਰਿਹਾ ਹੈ। ਹੈਰਾਨੀਜਨਕ ਤੌਰ ‘ਤੇ ਜ਼ਿਲ੍ਹਾ ਖੇਡ ਅਧਿਕਾਰੀ ਨੂੰ ਕਈ ਵਾਰ ਸੂਚਿਤ ਕਰਨ ਦੇ ਬਾਵਜੂਦ ਕੋਈ ਪ੍ਰਭਾਵਸ਼ਾਲੀ ਕਾਰਵਾਈ ਨਹੀਂ ਕੀਤੀ ਗਈ।
ਅਰਸ਼ ਸੱਚਰ ਨੇ ਹੋਰ ਦੱਸਿਆ ਕਿ ਸਟੇਡੀਅਮ ਦਾ ਮੁੱਖ ਦਰਵਾਜ਼ਾ ਅਕਸਰ ਜੰਜੀਰਾਂ ਨਾਲ ਬੰਦ ਰੱਖਿਆ ਜਾਂਦਾ ਹੈ, ਜਿਸ ਕਾਰਨ ਖਿਡਾਰੀਆਂ ਨੂੰ ਆਪਣੀਆਂ ਸਾਈਕਲਾਂ ਅਤੇ ਦੋ-ਪਹੀਆ ਵਾਹਨ ਬਾਹਰ ਖੜ੍ਹੇ ਕਰਨੇ ਪੈਂਦੇ ਹਨ। ਇਸ ਲਾਪਰਵਾਹੀ ਕਾਰਨ ਕਈ ਵਾਰ ਚੋਰੀ ਦੀਆਂ ਘਟਨਾਵਾਂ ਵੀ ਹੋ ਚੁੱਕੀਆਂ ਹਨ।
ਉਨ੍ਹਾਂ ਕਿਹਾ ਕਿ ਸਵੇਰੇ ਸਮੇਂ ਡਿਊਟੀ ‘ਤੇ ਤਾਇਨਾਤ ਕਰਮਚਾਰੀ ਅਕਸਰ ਗੈਰਹਾਜ਼ਰ ਰਹਿੰਦੇ ਹਨ, ਟਾਇਲਟਾਂ ‘ਤੇ ਗੈਰ-ਲੋਕਾਂ ਦਾ ਕਬਜ਼ਾ ਹੈ ਅਤੇ ਸਫ਼ਾਈ ਦੀ ਹਾਲਤ ਬਹੁਤ ਖਰਾਬ ਹੈ। ਸਭ ਤੋਂ ਗੰਭੀਰ ਗੱਲ ਇਹ ਹੈ ਕਿ ਮਹਿਲਾ ਖਿਡਾਰੀਆਂ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦੀਆਂ ਹਨ।
ਅਰਸ਼ ਸੱਚਰ ਨੇ ਮੁੱਖ ਮੰਤਰੀ ਪੰਜਾਬ ਨੂੰ ਲਿਖੇ ਪੱਤਰ ਵਿੱਚ ਮੰਗ ਕੀਤੀ ਹੈ ਕਿ:
ਨੇਹਰੂ ਸਟੇਡੀਅਮ ਦੀ ਤੁਰੰਤ ਉੱਚ ਪੱਧਰੀ ਜਾਂਚ ਕਰਵਾਈ ਜਾਵੇ , ਨਸ਼ਾ, ਸ਼ਰਾਬ ਅਤੇ ਜੂਏ ‘ਚ ਸ਼ਾਮਲ ਲੋਕਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ , ਲਾਪਰਵਾਹ ਅਧਿਕਾਰੀਆਂ ਤੇ ਕਰਮਚਾਰੀਆਂ ਖ਼ਿਲਾਫ਼ ਸਖ਼ਤ ਵਿਭਾਗੀ ਕਾਰਵਾਈ ਹੋਵੇ , ਮੁੱਖ ਦਰਵਾਜ਼ਾ ਤੁਰੰਤ ਖੋਲ੍ਹ ਕੇ ਅੰਦਰ ਸੁਰੱਖਿਅਤ ਪਾਰਕਿੰਗ ਦੀ ਵਿਵਸਥਾ ਕੀਤੀ ਜਾਵੇ , ਸੁਰੱਖਿਆ ਗਾਰਡ ਅਤੇ ਸੀਸੀਟੀਵੀ ਲਗਾਏ ਜਾਣ , ਮਹਿਲਾ ਖਿਡਾਰੀਆਂ ਦੀ ਸੁਰੱਖਿਆ ਨੂੰ ਪਹਿਲ ਦਿੱਤੀ ਜਾਵੇ ਅਤੇ ਉਨ੍ਹਾਂ ਨੇ ਮੰਗ ਕੀਤੀ ਕਿ 24 ਘੰਟਿਆਂ ਦੇ ਅੰਦਰ-ਅੰਦਰ ਕਾਰਵਾਈ ਕਰਕੇ ਐਕਸ਼ਨ ਟੇਕਨ ਰਿਪੋਰਟ (ATR) ਜਾਰੀ ਕੀਤੀ ਜਾਵੇ, ਤਾਂ ਜੋ ਲੋਕਾਂ ਦਾ ਭਰੋਸਾ ਬਣਿਆ ਰਹੇ।
ਅੰਤ ਵਿੱਚ ਅਰਸ਼ ਸੱਚਰ ਨੇ ਕਿਹਾ ਕਿ “ਪੰਜਾਬ ਦੇ ਨੌਜਵਾਨਾਂ ਦਾ ਭਵਿੱਖ ਖ਼ਤਰੇ ਵਿੱਚ ਨਹੀਂ ਪੈਣ ਦਿੱਤਾ ਜਾਵੇਗਾ। ਜਿੱਥੇ ਨਸ਼ਾ ਹੈ, ਉੱਥੇ ਸਖ਼ਤ ਕਾਰਵਾਈ ਹੋਣੀ ਹੀ ਚਾਹੀਦੀ ਹੈ।”