logo

ਰਿਹਾਇਸ਼ੀ ਖੇਤਰ ਨੇੜੇ ਅਨਾਜ ਦੇੇ ਗੁਦਾਮ ਬਣਨ ਤੋਂ ਰੋਕਣ ਲਈ ਵੱਖ-ਵੱਖ ਪਿੰਡਾਂ ਦੇ ਵਸਨੀਕਾਂ ਨੇ ਕੀਤੀ ਮੀਟਿੰਗ

- ਸੁਸਰੀ ਆਦਿ ਸਮੱਸਿਆਵਾਂ ਤੋਂ ਬਚਾਉਣ ਲਈ ਗੁਦਾਮ ਬਣਨ ਤੋਂ ਰੋਕਣ ਦੀ ਪੰਜਾਬ ਸਰਕਾਰ ਤੋਂ ਕੀਤੀ ਮੰਗ

ਮੱਲਾਂਵਾਲਾ : 24 ਦਸੰਬਰ -(ਤਿਲਕ ਸਿੰਘ ਰਾਏ )-ਪਿੰਡ ਖੱਚਰ ਵਾਲਾ-ਕਾਮਲ ਵਾਲਾ ਰੋਡ ’ਤੇ ਬਣਨ ਜਾ ਰਹੇ ਗੁਦਾਮ ਨੂੰ ਰੋਕਣ ਲਈ ਮੱਲਾਂਵਾਲਾ, ਆਸਫ ਵਾਲਾ, ਕਾਮਲ ਵਾਲਾ, ਖੱਚਰ ਵਾਲਾ, ਦੂਲੇ ਵਾਲਾ, ਬਸਤੀ ਜੋਗਿੰਦਰ ਸਿੰਘ ਵਾਲੀ ਆਦਿ ਵੱਖ-ਵੱਖ ਪਿੰਡਾਂ ਦੇ ਵਸਨੀਕਾਂ ਦੀ ਇਕ ਅਹਿਮ ਮੀਟਿੰਗ ਪਿੰਡ ਖੱਚਰ ਵਾਲਾ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ, ਜਿਸ ਵਿਚ ਗੁਦਾਮ ਨਾਲ ਇਲਾਕੇ ’ਚ ਫੈਲਣ ਵਾਲੀਆਂ ਬਿਮਾਰੀਆਂ ਆਦਿ ਨੁਕਸਾਨਾਂ ਸਬੰਧੀ ਚਰਚਾਵਾਂ ਕਰਕੇ ਗੁਦਾਮ ਨੂੰ ਬਣਨ ਤੋਂ ਰੋਕਣ ਸਬੰਧੀ ਫ਼ੈਸਲਾ ਲਿਆ ਗਿਆ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸਥਾਨਕ ਵਸਨੀਕਾਂ ਨੇ ਕਿਹਾ ਕਿ ਖੱਚਰ ਵਾਲਾ-ਕਾਮਲ ਵਾਲਾ ਰੋਡ ’ਤੇ ਕਿਸੇ ਨਿੱਜੀ ਕੰਪਨੀ ਵੱਲੋਂ ਅਨਾਜ ਨੂੰ ਸਟੋਰ ਕਰਨ ਲਈ ਗੁਦਾਮ ਬਣਾਇਆ ਜਾ ਰਿਹਾ ਹੈ, ਜਿਸ ਨਾਲ ਨੇੜਲੇ ਪੈਂਦੇ ਕਈ ਪਿੰਡਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਗੁਦਾਮ ਵਾਲੀ ਜਗ੍ਹਾ ਦੇ ਨੇੜੇ ਇਕ ਵੱਡੀ ਆਬਾਦੀ ਦੀ ਵਸੋਂ ਹੈ, ਜੇਕਰ ਇੱਥੇ ਗੁਦਾਮ ਬਣਦਾ ਹੈ ਤਾਂ ਗੁਦਾਮ ਨਾਲ ਜਿੱਥੇ ਸੁਸਰੀ ਦੀ ਸਮੱਸਿਆ ਪੈਦਾ ਹੋਵੇਗੀ, ਉੱਥੇ ਚੂਹਿਆਂ ਦੀ ਬਹੁਤਾਤ ਵੀ ਲੋਕਾਂ ਦੇ ਘਰਾਂ ਅੰਦਰ ਬਹੁਤ ਜ਼ਿਆਦਾ ਹੋ ਜਾਵੇਗਾ, ਜਿਸ ਨਾਲ ਲੋਕਾਂ ਦਾ ਜਿਊਣਾ ਦੁੱਭਰ ਹੋ ਜਾਵੇਗਾ। ਮੀਟਿੰਗ ਵਿਚ ਨਿਰਮਲ ਸਿੰਘ ਸਰਪੰਚ, ਗੁਰਵਿੰਦਰ ਸਿੰਘ ਮੱਲ, ਅਜਾਇਬ ਸਿੰਘ ਨੰਬਰਦਾਰ, ਬਗੀਚਾ ਸਿੰਘ, ਦਲੇਰ ਸਿੰਘ, ਰਜਿੰਦਰ ਸਿੰਘ, ਗੁਰਵਿੰਦਰ ਸਿੰਘ, ਸਤਨਾਮ ਸਿੰਘ, ਸੁਰਜੀਤ ਸਿੰਘ, ਲਖਵਿੰਦਰ ਸਿੰਘ, ਗੁਰਦੇਵ ਸਿੰਘ, ਬਲਵਿੰਦਰ ਸਿੰਘ, ਬਖਸ਼ੀਸ਼ ਸਿੰਘ, ਸਾਰਜ ਸਿੰਘ, ਜਗਬੀਰ ਸਿੰਘ, ਗੁਰਭੇਜ ਸਿੰਘ, ਜੈਮਲ ਸਿੰਘ, ਪਿੱਪਲ ਸਿੰਘ, ਕਸ਼ਮੀਰ ਸਿੰਘ, ਦਰਸ਼ਨ ਸਿੰਘ, ਮੁਖ਼ਤਿਆਰ ਸਿੰਘ, ਜਗਰਾਜ ਸਿੰਘ ਆਦਿ ਇਲਾਕਾ ਵਾਸੀਆਂ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਗੁਦਾਮ ਨਜ਼ਦੀਕ ਇਕ ਵੱਡਾ ਰਿਹਾਇਸ਼ੀ ਖੇਤਰ ਹੈ, ਇਸ ਕਰਕੇ ਗੁਦਾਮ ਬਣਨ ਦੇ ਕਾਰਜ ਨੂੰ ਇੱਥੋਂ ਰੁਕਵਾ ਕਿੱਤੇ ਹੋਰ ਬਣਾਇਆ ਜਾਵੇ ਤਾਂ ਜੋ ਇਲਾਕੇ ਦੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ।

3
37 views