logo

ਵਿਦੇਸ਼ ਭੇਜਣ ਦੇ ਨਾਂ ’ਤੇ ਧੋਖਾਧੜੀ ਬਣੀ ਨੌਜਵਾਨ ਦੀ ਮੌਤ ਦਾ ਕਾਰਨ

🔺ਪਿੰਡ ਆਸਿਫ ਵਾਲਾ ਦੇ ਰਾਜਨਪ੍ਰੀਤ ਸਿੰਘ ਨੇ ਗੋਲੀ ਮਾਰ ਕੇ ਕੀਤੀ ਆਤਮਹੱਤਿਆ, ਪੰਜ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

ਮੱਲਾਂਵਾਲਾ: 23 ਦਸੰਬਰ -(ਤਿਲਕ ਸਿੰਘ ਰਾਏ )-ਥਾਣਾ ਮੱਲਾਂਵਾਲਾ ਅਧੀਨ ਪੈਂਦੇ ਪਿੰਡ ਆਸਿਫ ਵਾਲਾ ਵਿੱਚ ਇਕ ਦਰਦਨਾਕ ਅਤੇ ਦਿਲ ਦਹਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਵਿਦੇਸ਼ ਭੇਜਣ ਦੇ ਨਾਂ ’ਤੇ ਲਗਾਤਾਰ ਹੋ ਰਹੀ ਤੰਗ-ਪਰੇਸ਼ਾਨੀ ਅਤੇ ਧੋਖਾਧੜੀ ਤੋਂ ਦੁਖੀ ਹੋ ਕੇ ਇਕ ਨੌਜਵਾਨ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਮ੍ਰਿਤਕ ਦੀ ਪਛਾਣ ਰਾਜਨਪ੍ਰੀਤ ਸਿੰਘ (ਉਮਰ ਕਰੀਬ 29 ਸਾਲ) ਪੁੱਤਰ ਸਰਬਜੀਤ ਸਿੰਘ, ਵਾਸੀ ਪਿੰਡ ਆਸਿਫ ਵਾਲਾ ਵਜੋਂ ਹੋਈ ਹੈ। ਮ੍ਰਿਤਕ ਦੇ ਪਿਤਾ ਸਰਬਜੀਤ ਸਿੰਘ ਵੱਲੋਂ ਪੁਲਿਸ ਨੂੰ ਦਿੱਤੇ ਬਿਆਨ ਮੁਤਾਬਕ ਰਾਜਨਪ੍ਰੀਤ ਸਿੰਘ ਫਿਰੋਜ਼ਪੁਰ ਸ਼ਹਿਰ ਵਿੱਚ ਇੱਕ ਸੰਸਥਾ ਚਲਾ ਰਿਹਾ ਸੀ, ਜਿੱਥੇ ਉਹ ਵਿਦੇਸ਼ੀ ਭਾਸ਼ਾਵਾਂ ਦੀ ਤਿਆਰੀ ਕਰਵਾਂਦਾ ਸੀ।
ਇਸ ਦੌਰਾਨ ਉਸਦੀ ਜਾਣ-ਪਛਾਣ ਮਨੀ ਰੰਧਾਵਾ ਵਾਸੀ ਬਠਿੰਡਾ, ਸੁਨੀਲ ਵਾਸੀ ਮਲੋਟ ਅਤੇ ਰਾਜਬੀਰ ਉਰਫ਼ ਪਤਰਸ ਵਾਸੀ ਸਮਾਣਾ ਨਾਲ ਹੋਈ, ਜੋ ਵਿਦੇਸ਼ ਭੇਜਣ ਦੇ ਕੰਮ ਨਾਲ ਜੁੜੇ ਹੋਏ ਸਨ। ਪੀੜਤ ਪਰਿਵਾਰ ਅਨੁਸਾਰ ਰਾਜਨਪ੍ਰੀਤ ਸਿੰਘ ਨੇ ਇਨ੍ਹਾਂ ਲੋਕਾਂ ਨੂੰ ਵੱਡੀ ਰਕਮ ਦਿੱਤੀ, ਪਰ ਨਾ ਤਾਂ ਵਿਦੇਸ਼ ਜਾਣ ਦਾ ਕੋਈ ਪ੍ਰਬੰਧ ਹੋਇਆ ਅਤੇ ਨਾ ਹੀ ਰਕਮ ਵਾਪਸ ਕੀਤੀ ਗਈ।
ਇਸ ਤੋਂ ਇਲਾਵਾ ਜੋਬਨਪ੍ਰੀਤ ਸਿੰਘ ਵਾਸੀ ਯਾਰੇ ਸਾਹ ਵਾਲਾ ਵੱਲੋਂ ਵੀ ਉਸਨੂੰ ਲਗਾਤਾਰ ਤੰਗ ਕੀਤਾ ਜਾਂਦਾ ਰਿਹਾ, ਜਿਸ ਕਾਰਨ ਰਾਜਨਪ੍ਰੀਤ ਸਿੰਘ ਮਾਨਸਿਕ ਤੌਰ ’ਤੇ ਕਾਫ਼ੀ ਪ੍ਰੇਸ਼ਾਨ ਰਹਿਣ ਲੱਗ ਪਿਆ।
ਮਿਲੀ ਜਾਣਕਾਰੀ ਮੁਤਾਬਕ 22 ਦਸੰਬਰ 2025 ਨੂੰ ਰਾਜਨਪ੍ਰੀਤ ਸਿੰਘ ਨੇ ਆਪਣੇ ਘਰ ਦੇ ਕਮਰੇ ਵਿੱਚ ਮੋਬਾਇਲ ’ਤੇ ਵੀਡੀਓ ਬਣਾਉਣ ਤੋਂ ਬਾਅਦ ਆਪਣੇ ਦਾਦਾ ਬਖ਼ਸ਼ੀਸ਼ ਸਿੰਘ ਦੇ 32 ਬੋਰ ਰਿਵਾਲਵਰ ਨਾਲ ਆਪਣੇ ਸਿਰ ਵਿੱਚ ਗੋਲੀ ਮਾਰ ਲਈ। ਗੰਭੀਰ ਹਾਲਤ ਵਿੱਚ ਪਰਿਵਾਰਕ ਮੈਂਬਰ ਉਸਨੂੰ ਤੁਰੰਤ ਅਮਨਜੀਤ ਹਸਪਤਾਲ, ਆਰਿਫ ਕੇ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ।
ਪੁਲਿਸ ਵੱਲੋਂ ਲਾਸ਼ ਨੂੰ ਸਿਵਲ ਹਸਪਤਾਲ ਜੀਰਾ ਦੀ ਮੁਰਦਾਘਰ ਵਿੱਚ ਰੱਖਵਾਇਆ ਗਿਆ ਹੈ। ਮ੍ਰਿਤਕ ਦੇ ਪਿਤਾ ਦੇ ਬਿਆਨ ਦੇ ਆਧਾਰ ’ਤੇ ਪੁਲਿਸ ਨੇ ਮਨੀ ਰੰਧਾਵਾ, ਸੁਨੀਲ, ਰਾਜਬੀਰ ਉਰਫ਼ ਪਤਰਸ, ਉਸਦੀ ਪਤਨੀ ਅਤੇ ਜੋਬਨਪ੍ਰੀਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਦੁੱਖਦਾਈ ਘਟਨਾ ਕਾਰਨ ਪਿੰਡ ਆਸਿਫ ਵਾਲਾ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ, ਜਦਕਿ ਮ੍ਰਿਤਕ ਦੀ ਪਤਨੀ ਜੈਸਮੀਨ ਕੌਰ ਗਹਿਰੇ ਸਦਮੇ ਵਿੱਚ ਹੈ।

16
582 views