logo

ਜੈਤੋ ਵਿਖੇ ਸਬ-ਡਵੀਜ਼ਨ ਕੋਰਟ ਕੰਪਲੈਕਸ ਵਿੱਚ ਖੂਨ-ਦਾਨ ਕੈਂਪ ਦਾ ਆਯੋਜਨ..

ਫ਼ਰੀਦਕੋਟ:18, ਦਸੰਬਰ ( ਕੰਵਲ ਸਰਾਂ/ਗੌਤਮ ਬਾਂਸਲ) ਜ਼ਿਲ੍ਹਾ ਅਤੇ ਸੈਸ਼ਨ ਜੱਜ ਫਰੀਦਕੋਟ ਦੀ ਰਹਿਨੁਮਾਈ ਹੇਠ ਅਤੇ ਮਾਨਯੋਗ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ.ਏ.ਐੱਸ. ਨਗਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸਬ-ਡਵੀਜ਼ਨ ਕੋਰਟ ਕੰਪਲੈਕਸ ਜੈਤੋ ਵਿਖੇ ਖੂਨ-ਦਾਨ ਕੈਂਪ ਲਗਾਇਆ ਗਿਆ। ਇਹ ਕੈਂਪ ਸ੍ਰੀ ਸੰਜੀਵ ਜੋਸ਼ੀ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸਹਿਤ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਰੀਦਕੋਟ ਦੀ ਅਗਵਾਈ ਹੇਠ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਰੀਦਕੋਟ ਵੱਲੋਂ ਆਯੋਜਿਤ ਕੀਤਾ ਗਿਆ।
ਇਸ ਕੈਂਪ ਦਾ ਆਯੋਜਨ ਸ੍ਰੀ ਸ਼ਮਿੰਦਰ ਪਾਲ ਸਿੰਘ ਅਤੇ ਸ੍ਰੀ ਕਾਰਨਿਕ ਹਾਂਡਾ ਜੱਜ ਸਾਹਿਬਾਨ ਕੋਰਟ ਕੰਪਲੈਕਸ ਜੈਤੋ ਅਤੇ ਪੀ ਬੀ ਜੀ ਵੈਲਫੇਅਰ ਕਲੱਬ ਫਰੀਦਕੋਟ ਦੇ ਸਹਿਯੋਗ ਨਾਲ “ਕੰਪੇਨ ਨਸ਼ਿਆਂ ਵਿਰੁੱਧ ਨੌਜਵਾਨ” ਤਹਿਤ ਕੀਤਾ ਗਿਆ। ਕੈਂਪ ਦੌਰਾਨ ਜੈਤੋ ਕੋਰਟ ਕੰਪਲੈਕਸ ਦੇ ਜੱਜ ਸਾਹਿਬਾਨ, ਬਾਰ ਐਸੋਸੀਏਸ਼ਨ ਜੈਤੋ ਦੇ ਵਕੀਲ ਸਾਹਿਬਾਨ, ਕੋਰਟ ਸਟਾਫ ਅਤੇ ਆਮ ਲੋਕਾਂ ਵੱਲੋਂ ਵਧ-ਚੜ੍ਹ ਕੇ ਸ਼ਮੂਲੀਅਤ ਕੀਤੀ ਗਈ।
ਇਸ ਮੌਕੇ ਸ੍ਰੀਮਤੀ ਗੁਰਪ੍ਰੀਤ ਕੌਰ, ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਰੀਦਕੋਟ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ ਮੌਕੇ ’ਤੇ ਮੌਜੂਦ ਵਕੀਲ ਸਾਹਿਬਾਨਾਂ, ਸਟਾਫ ਅਤੇ ਆਮ ਜਨਤਾ ਨੂੰ “ਨਸ਼ਿਆਂ ਵਿਰੁੱਧ ਨੌਜਵਾਨ” ਮੁਹਿੰਮ ਸਬੰਧੀ ਜਾਗਰੂਕ ਕਰਦੇ ਹੋਏ ਵੱਧ ਤੋਂ ਵੱਧ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਜੱਜ ਸਾਹਿਬਾਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਖੂਨ-ਦਾਨ ਇੱਕ ਮਹਾਂਦਾਨ ਹੈ। ਅਕਸਰ ਦੁਰਘਟਨਾਵਾਂ ਅਤੇ ਗੰਭੀਰ ਬਿਮਾਰੀਆਂ ਦੌਰਾਨ ਲੋੜਵੰਦ ਵਿਅਕਤੀਆਂ ਨੂੰ ਤੁਰੰਤ ਖੂਨ ਦੀ ਲੋੜ ਪੈਂਦੀ ਹੈ, ਜਿਸ ਨਾਲ ਬਲੱਡ-ਬੈਂਕਾਂ ਅਤੇ ਖੂਨ-ਦਾਨ ਕੈਂਪਾਂ ਰਾਹੀਂ ਮਿਲਣ ਵਾਲਾ ਖੂਨ ਅਨੇਕਾਂ ਕੀਮਤੀ ਜਾਨਾਂ ਬਚਾਉਂਦਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਤੋਂ ਦੂਰ ਰਹਿ ਕੇ ਹੀ ਅਸੀਂ ਸਿਹਤਮੰਦ ਸਰੀਰ ਦੇ ਮਾਲਕ ਬਣ ਸਕਦੇ ਹਾਂ ਅਤੇ ਸਿਹਤਮੰਦ ਵਿਅਕਤੀ ਹੀ ਖੂਨ-ਦਾਨ ਕਰਨ ਦੇ ਯੋਗ ਹੁੰਦਾ ਹੈ। ਅੰਤ ਵਿੱਚ ਜੱਜ ਸਾਹਿਬਾਨ ਨੇ ਅਪੀਲ ਕੀਤੀ ਕਿ ਨਸ਼ਿਆਂ ਵਰਗੀਆਂ ਸਮਾਜਕ ਬੁਰਾਈਆਂ ਤੋਂ ਦੂਰ ਰਹਿ ਕੇ ਮਿਹਨਤ ਅਤੇ ਇਮਾਨਦਾਰੀ ਨਾਲ ਆਪਣੀ ਜ਼ਿੰਦਗੀ ਸੰਵਾਰੀ ਜਾਵੇ, ਕਿਉਂਕਿ ਇੱਕ-ਇੱਕ ਸੰਵਾਰੀ ਹੋਈ ਜ਼ਿੰਦਗੀ ਹੀ ਇੱਕ ਨਿਰੋਏ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਕਰ ਸਕਦੀ ਹੈ।

4
272 views