
ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੀਆਂ ਅਦਾਲਤਾਂ ਵਿੱਚ ਅੱਜ ਇਸ ਸਾਲ ਦੀ ਆਖਰੀ ਅਤੇ ਚੌਥੀ ਨੈਸ਼ਨਲ ਲੋਕ ਅਦਾਲਤ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਅਤੁਲ ਕਸਾਨਾ ਦੀ ਅਗਵਾਈ ਵਿੱਚ..
ਐਸ.ਏ.ਐਸ.ਨਗਰ:13,ਦਸੰਬਰ ( ਕੰਵਲ ਸਰਾਂ/ ਗੌਤਮ ਬਾਂਸਲ)ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੀਆਂ ਅਦਾਲਤਾਂ ਵਿੱਚ ਅੱਜ ਇਸ ਸਾਲ ਦੀ ਆਖਰੀ ਅਤੇ ਚੌਥੀ ਨੈਸ਼ਨਲ ਲੋਕ ਅਦਾਲਤ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਅਤੁਲ ਕਸਾਨਾ ਦੀ ਅਗਵਾਈ ਹੇਠ ਲਾਈ ਗਈ। ਇਸ ਲੋਕ ਅਦਾਲਤ ਵਿੱਚ ਵਿਸ਼ੇਸ਼ ਤੌਰ 'ਤੇ ਪਹੁੰਚੇ ਪੰਜਾਬ ਰਾਜ ਕਾਨੂੰਨੀ ਸੇਵਾ ਅਥਾਰਟੀ ਦੇ ਮੈਂਬਰ ਸਕੱਤਰ ਨਵਜੋਤ ਕੌਰ ਨੇ ਇਸ ਲੋਕ ਅਦਾਲਤ ਦੌਰਾਨ 10 ਦੇ ਕਰੀਬ ਜੋੜਿਆਂ ਵਿਚਾਲੇ ਮਤਭੇਦਾਂ ਨੂੰ ਖਤਮ ਕਰਵਾ ਕੇ, ਉਨ੍ਹਾਂ ਦਾ ਪੁਨਰ ਮਿਲਣ ਕਰਵਾਇਆ ਅਤੇ ਉਨ੍ਹਾਂ ਦੀ ਵਿਵਾਹਿਕ ਜਿੰਦਗੀ ਨੂੰ ਟੁੱਟਣ ਤੋਂ ਬਚਾਇਆ। ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਮੈਂਬਰ ਸਕੱਤਰ ਨਵਜੋਤ ਕੌਰ ਨੇ ਦੱਸਿਆ ਕਿ ਨੈਸ਼ਨਲ ਲੋਕ ਅਦਾਲਤਾਂ ਵਿੱਚ 12 ਸਾਲ ਤੱਕ ਜਾਂ ਉਸ ਤੋਂ ਵੀ ਪੁਰਾਣੇ ਕੇਸਾਂ ਦਾ ਫੈਸਲਾ ਕਰਵਾਉਣ ਦਾ ਰਿਕਾਰਡ ਜੁੜਿਆ ਹੈ। ਉਹਨਾਂ ਕਿਹਾ ਕਿ ਨੈਸ਼ਨਲ ਲੋਕ ਅਦਾਲਤ ਰਾਹੀਂ ਜਿੱਥੇ ਲੋਕਾਂ ਵਿੱਚ ਆਪਸੀ ਝਗੜਾ ਮੁੱਕ ਜਾਂਦਾ ਹੈ, ਉੱਥੇ ਆਪਸੀ ਭਾਈਚਾਰਾ ਵੀ ਵਧਦਾ ਹੈ। ਉਨ੍ਹਾਂ ਨੇ ਦੱਸਿਆ ਕਿ ਅੱਜ ਮੋਹਾਲੀ ਜ਼ਿਲ੍ਹਾ ਕਚਹਿਰੀ ਵਿਖੇ ਲੱਗੀ ਨੈਸ਼ਨਲ ਲੋਕ ਅਦਾਲਤ ਦੀ ਇੰਸਪੈਕਸ਼ਨ ਦੌਰਾਨ ਉਨ੍ਹਾਂ ਖੁਦ ਫੈਮਲੀ ਕੋਰਟ ਰਾਹੀਂ ਆਪਣੀ ਹਾਜ਼ਰੀ ਵਿੱਚ ਰਿਸ਼ਤਾ ਟੁੱਟਣ ਦੇ ਕੰਢੇ ਪੁੱਜੇ, 10 ਦੇ ਕਰੀਬ ਪਰਿਵਾਰਾਂ ਨੂੰ ਆਪਸ ਵਿੱਚ ਮਿਲਦਿਆਂ ਦੇਖਿਆ ਹੈ, ਜੋ ਕਿ ਇਹਨਾਂ ਲੋਕ ਅਦਾਲਤਾਂ ਦੀ ਸਭ ਤੋਂ ਵੱਡੀ ਕਾਮਯਾਬੀ ਹੈ। ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਲੋਕ ਅਦਾਲਤਾਂ ਰਾਹੀਂ ਝਗੜਿਆਂ ਦੀ ਨਿਪਟਾਰਾ ਦਰ ਬਹੁਤ ਉੱਚੀ ਰਹੀ ਹੈ। ਉਨ੍ਹਾਂ ਵੇਰਵਾ ਦਿੰਦਿਆਂ ਦੱਸਿਆ ਕਿ ਇਸ ਸਾਲ ਦੀ ਪਹਿਲੀ ਲੋਕ ਅਦਾਲਤ ਦੌਰਾਨ ਸਮੁੱਚੇ ਪੰਜਾਬ ਵਿੱਚ ਆਏ 4.37 ਲੱਖ ਮੁਕੱਦਮਿਆਂ ਚੋਂ 3.66 ਲੱਖ ਦਾ ਨਿਪਟਾਰਾ ਕੀਤਾ ਗਿਆ ਸੀ। ਦੂਸਰੀ ਲੋਕ ਅਦਾਲਤ ਦੌਰਾਨ 5.48 ਲੱਖ ਮੁਕੱਦਮਿਆਂ 'ਚੋਂ 4.81 ਲੱਖ ਮੁਕੱਦਮੇ ਆਪਸੀ ਸਹਿਮਤੀ ਨਾਲ ਨਿਪਟਾਏ ਗਏ ਸਨ। ਤੀਸਰੀ ਲੋਕ ਅਦਾਲਤ ਦੌਰਾਨ 5.8 ਲੱਖ ਮੁਕੱਦਮਿਆਂ ਚੋਂ 4.49 ਲੱਖ ਮੁਕੱਦਮੇ ਨਿਪਟਾਏ ਗਏ ਸਨ। ਅੱਜ ਇਸ ਸਾਲ ਦੀ ਆਖਰੀ ਅਤੇ ਚੌਥੀ ਨੈਸ਼ਨਲ ਲੋਕ ਅਦਾਲਤ ਦੌਰਾਨ ਸਮੁੱਚੇ ਪੰਜਾਬ ਦੀਆਂ ਅਦਾਲਤਾਂ ਵਿੱਚ 4.5 ਲੱਖ ਮੁਕਦਮੇ ਨਿਪਟਾਰੇ ਲਈ ਆਏ ਹਨ।