logo

ਠੋਸ ਰਹਿੰਦ-ਖੂੰਹਦ ਨੂੰ ਸਾੜਨ ਤੋਂ ਰੋਕਣ ਲਈ ਨਗਰ ਕੌਂਸਲ ਵਿਖੇ ਜਾਗਰੂਕਤਾ-ਕਮ-ਸਿਖਲਾਈ ਸੈਸ਼ਨ ਦਾ ਆਯੋਜਨ

ਫ਼ਰੀਦਕੋਟ,13 ਦਸੰਬਰ (ਕੰਵਲ ਸਰਾਂ/ ਗੌਤਮ ਬਾਂਸਲ) ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਖੇਤਰੀ ਦਫ਼ਤਰ ਫਰੀਦਕੋਟ ਦੁਆਰਾ ਸ੍ਰੀ ਰਵੀਦੀਪ ਸਿੰਗਲਾ ਵਾਤਾਵਰਣ ਇੰਜੀਨੀਅਰ ਦੀ ਅਗਵਾਈ ਹੇਠ ਆਮ ਠੋਸ ਰਹਿੰਦ-ਖੂੰਹਦ ਨੂੰ ਸਾੜਨ ਤੋਂ ਰੋਕਣ ਅਤੇ ਸੁੱਕੇ ਅਤੇ ਗਿੱਲੇ ਰਹਿੰਦ-ਖੂੰਹਦ ਨੂੰ ਸਹੀ ਢੰਗ ਨਾਲ ਵੱਖ ਕਰਨ ਨੂੰ ਉਤਸ਼ਾਹਿਤ ਕਰਨ ਲਈ ਜਾਗਰੂਕਤਾ-ਕਮ-ਸਿਖਲਾਈ ਸੈਸ਼ਨ ਨਗਰ ਕੌਂਸਲ ਫ਼ਰੀਦਕੋਟ ਵਿਖੇ ਕਰਵਾਇਆ ਗਿਆ। ਪ੍ਰੋਗਰਾਮ ਵਿੱਚ ਨਗਰ ਕੌਂਸਲ ਫ਼ਰੀਦਕੋਟ ਅਧੀਨ ਸਾਰੇ ਸਫਾਈ ਸੇਵਕਅਤੇ ਫੀਲਡ ਸਟਾਫ ਨੇ ਸ਼ਿਰਕਤ ਕੀਤੀ।
ਇਸ ਸਿਖਲਾਈ ਸੈਸ਼ਨ ਵਿੱਚ ਬਿਕਰਮਜੀਤ ਸਿੰਘ ਸਹਾਇਕ ਵਾਤਾਵਰਣ ਇੰਜੀਨੀਅਰ ਨੇ ਭਾਗੀਦਾਰਾਂ ਨੂੰ ਠੋਸ ਰਹਿੰਦ-ਖੂੰਹਦ ਨੂੰ ਸਾੜਨ ਦੇ ਸਿਹਤ ਪ੍ਰਭਾਵਾਂ, ਨਗਰਪਾਲਿਕਾ ਅਤੇ ਬਾਗਬਾਨੀ ਰਹਿੰਦ-ਖੂੰਹਦ ਨੂੰ ਸਾੜਨ ਨਾਲ ਹਵਾ ਪ੍ਰਦੂਸ਼ਣ ਵਿੱਚ ਇਸਦੇ ਯੋਗਦਾਨ ਬਾਰੇ ਜਾਗਰੂਕ ਕੀਤਾ । ਉਨ੍ਹਾਂ ਵੱਲੋਂ ਪ੍ਰਭਾਵਸ਼ਾਲੀ ਠੋਸ ਰਹਿੰਦ-ਖੂੰਹਦ ਪ੍ਰਬੰਧਨ ਨੂੰ ਯਕੀਨੀ ਬਣਾਉਣ ਲਈ ਸੁੱਕੇ ਅਤੇ ਗਿੱਲੇ ਰਹਿੰਦ-ਖੂੰਹਦ ਨੂੰ ਸਰੋਤ 'ਤੇ ਵੱਖ ਕਰਨ ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਕਚਰਾ ਬਾਲਣ ਨਾਲ ਹਵਾ ਵਿੱਚ ਨੁਕਸਾਨਦੇਹ ਤੱਤ ਫੈਲਦੇ ਹਨ, ਜੋ ਦਮਾ, ਐਲਰਜੀ ਆਦਿ ਬੀਮਾਰੀਆਂ ਦਾ ਕਾਰਨ ਬਣਦੇ ਹਨ। ਉਨ੍ਹਾਂ ਕਿਹਾ ਕਿ ਸਫਾਈ ਸੇਵਕ ਇਸ ਸਮੱਸਿਆ ਨੂੰ ਘੱਟ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
ਇਸ ਮੌਕੇ ਸਾਰੇ ਸਫਾਈ ਸੇਵਕਾਂ ਨੇ ਕਿਸੇ ਵੀ ਕਿਸਮ ਦੇ ਠੋਸ ਰਹਿੰਦ-ਖੂੰਹਦ ਨੂੰ ਸਾੜਨ ਤੋਂ ਸਖ਼ਤੀ ਨਾਲ ਬਚਾਉਣ, ਸੁੱਕੇ ਅਤੇ ਗਿੱਲੇ ਰਹਿੰਦ-ਖੂੰਹਦ ਨੂੰ ਸਹੀ ਢੰਗ ਨਾਲ ਵੱਖ ਕਰਨ ਨੂੰ ਯਕੀਨੀ ਬਣਾਉਣ, ਅਤੇ ਆਪਣੇ-ਆਪਣੇ ਵਾਰਡਾਂ ਦੇ ਵਸਨੀਕਾਂ ਨੂੰ ਸਾਫ਼ ਅਤੇ ਸਿਹਤਮੰਦ ਵਾਤਾਵਰਣ ਲਈ ਇਹਨਾਂ ਅਭਿਆਸਾਂ ਨੂੰ ਅਪਣਾਉਣ ਲਈ ਪ੍ਰੇਰਿਤ ਕਰਨ ਦਾ ਭਰੋਸਾ ਦਿੱਤਾ ਅਤੇ ਵਾਅਦਾ ਕੀਤਾ।ਇਸ ਮੌਕੇ ਸੁਪਰਡੈਂਟ ਵੀਰਪਾਲ ਅਤੇ ਗੁਰਵਿੰਦਰ ਸਿੰਘ ਨਗਰ ਕੌਸਲ ਫ਼ਰੀਦਕੋਟ ਤੋਂ ਹਾਜ਼ਰ ਸਨ।

4
155 views