
ਸਤਨਾਮ ਸਿੰਘ ਨਾਗਰਾ ਹਲਕਾ ਰੂਪਨਗਰ ਤੋਂ ਕਿਸਾਨ ਵਿੰਗ ਦੇ ਕੋਆਰਡੀਨੇਟਰ ਨਿਯੁਕਤ।
ਸਤਨਾਮ ਸਿੰਘ ਨਾਗਰਾ ਹਲਕਾ ਰੂਪਨਗਰ ਤੋਂ ਕਿਸਾਨ ਵਿੰਗ ਦੇ ਕੋਆਰਡੀਨੇਟਰ ਨਿਯੁਕਤ
ਨੂਰਪੁਰਬੇਦੀ, 31 ਅਗਸਤ (ਸਚਿਨ ਸੋਨੀ)
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਸਰਗਰਮ ਮੈਂਬਰ ਸਤਨਾਮ ਸਿੰਘ ਨਾਗਰਾ ਨੂੰ ਪਾਰਟੀ ਹਾਈ ਕਮਾਂਡ ਵੱਲੋਂ ਹਲਕਾ ਰੂਪਨਗਰ ਤੋਂ ਕਿਸਾਨ ਵਿੰਗ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ। ਨਿਯੁਕਤੀ ਉਪਰੰਤ ਆਪਣੇ ਵਿਚਾਰ ਪ੍ਰਗਟ ਕਰਦਿਆਂ ਸਤਨਾਮ ਸਿੰਘ ਨਾਗਰਾ ਨੇ ਕਿਹਾ ਕਿ ਇਹ ਜ਼ਿੰਮੇਵਾਰੀ ਪਾਰਟੀ ਨੇ ਉਸ ਉੱਤੇ ਜੋ ਭਰੋਸਾ ਕਰਕੇ ਸੌਂਪੀ ਹੈ, ਉਹ ਇਸ ਨੂੰ ਪੂਰੀ ਇਮਾਨਦਾਰੀ ਅਤੇ ਨਿੱਡਰਤਾ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਹਲਕੇ ਦੇ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਸਰਕਾਰ ਅਤੇ ਪਾਰਟੀ ਪੱਧਰ ’ਤੇ ਉਠਾਉਣਾ, ਖੇਤੀਬਾੜੀ ਨਾਲ ਸੰਬੰਧਤ ਨਵੀਆਂ ਤਕਨਾਲੋਜੀਆਂ ਨੂੰ ਜਮੀਨੀ ਪੱਧਰ ਤੱਕ ਪਹੁੰਚਾਉਣਾ ਅਤੇ ਖੇਤੀਬਾੜੀ ਵਿੱਚ ਨਵੀਂ ਸੋਚ ਦੇ ਨਾਲ ਤਬਦੀਲੀਆਂ ਲਿਆਉਣੀਆਂ ਉਹਨਾਂ ਦੀ ਮੁੱਖ ਪਹਿਲ ਹੋਵੇਗੀ।
ਨਾਗਰਾ ਨੇ ਕਿਹਾ ਕਿ ਪਾਰਟੀ ਹਾਈ ਕਮਾਂਡ ਵੱਲੋਂ ਦਿੱਤਾ ਗਿਆ ਇਹ ਮੌਕਾ ਨਾ ਸਿਰਫ਼ ਉਨ੍ਹਾਂ ਲਈ ਮਾਣ ਦੀ ਗੱਲ ਹੈ, ਸਗੋਂ ਹਲਕਾ ਰੂਪਨਗਰ ਦੇ ਸਮੂਹ ਵਰਕਰਾਂ ਲਈ ਵੀ ਖੁਸ਼ੀ ਦਾ ਮੌਕਾ ਹੈ। ਉਨ੍ਹਾਂ ਨੇ ਪਾਰਟੀ ਹਾਈ ਕਮਾਂਡ ਦਾ ਤਹਿ ਦਿਲੋਂ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਹਲਕੇ ਦੇ ਹਰੇਕ ਕਿਸਾਨ ਅਤੇ ਮਜ਼ਦੂਰ ਦੀ ਆਵਾਜ਼ ਬਣ ਕੇ ਕੰਮ ਕਰਨਗੇ ਅਤੇ ਕਿਸਾਨਾਂ ਦੇ ਹੱਕਾਂ ਲਈ ਹਰ ਸੰਭਵ ਮੰਚ ’ਤੇ ਲੜਾਈ ਲੜਨਗੇ।
ਇਸ ਸਬੰਧੀ ਹਲਕਾ ਰੂਪਨਗਰ ਤੋਂ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਸਤਨਾਮ ਸਿੰਘ ਨਾਗਰਾ ਨੂੰ ਨਵੀਂ ਜ਼ਿੰਮੇਵਾਰੀ ਸੰਭਾਲਣ ਉੱਤੇ ਦਿਲੋਂ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਸਤਨਾਮ ਸਿੰਘ ਨਾਗਰਾ ਹਮੇਸ਼ਾਂ ਪਾਰਟੀ ਦੇ ਸਮਰਪਿਤ ਅਤੇ ਨਿਸ਼ਠਾਵਾਨ ਵਰਕਰ ਰਹੇ ਹਨ। ਪਾਰਟੀ ਦੀਆਂ ਹਰੇਕ ਗਤੀਵਿਧੀਆਂ ਵਿੱਚ ਉਹਨਾਂ ਦੀ ਭੂਮਿਕਾ ਮਹੱਤਵਪੂਰਨ ਰਹੀ ਹੈ। ਵਿਧਾਇਕ ਨੇ ਕਿਹਾ ਕਿ ਉਨ੍ਹਾਂ ਦੀ ਨਿਯੁਕਤੀ ਨਾਲ ਹਲਕੇ ਦੇ ਕਿਸਾਨਾਂ ਦੀਆਂ ਅਸਲੀ ਆਵਾਜ਼ਾਂ ਨੂੰ ਮਜ਼ਬੂਤੀ ਮਿਲੇਗੀ ਅਤੇ ਉਹਨਾਂ ਦੇ ਮੱਦੇਨਜ਼ਰ ਮੁੱਦਿਆਂ ਨੂੰ ਮੁੱਖ ਰੂਪ ਚ ਹੱਲ ਕਰਵਾਉਣ ਵਿੱਚ ਮਦਦ ਮਿਲੇਗੀ।
ਵਿਧਾਇਕ ਦਿਨੇਸ਼ ਚੱਢਾ ਨੇ ਕਿਹਾ ਕਿ ਸਤਨਾਮ ਸਿੰਘ ਨਾਗਰਾ ਵਰਗੇ ਸਮਰਪਿਤ ਵਰਕਰਾਂ ਦੀ ਪਾਰਟੀ ਨੂੰ ਬਹੁਤ ਜ਼ਰੂਰਤ ਹੈ ਅਤੇ ਨਾਗਰਾ ਵਰਗੇ ਆਗੂਆਂ ਦੀ ਅਗਵਾਈ ਹੇਠ ਹਲਕੇ ਦੀ ਖੇਤੀਬਾੜੀ ਨਵੇਂ ਮਾਪਦੰਡ ਸੈੱਟ ਕਰੇਗੀ।