logo

ਰਿਜ਼ਰਵੇਸ਼ਨ ਅਤੇ ਸੰਵਿਧਾਨ ਬਚਾਉਣਾ ਸਭ ਦਾ ਪਹਿਲਾ ਫਰਜ਼ : ਢੋਸੀਵਾਲ -- ਵਿਰੋਧੀ ਘੜ ਰਹੇ ਹਨ ਸਾਜਿਸ਼ਾਂ --

ਸ੍ਰੀ ਮੁਕਤਸਰ ਸਾਹਿਬ, 20 ਨਵੰਬਰ (ਵਿਪਨ ਕੁਮਾਰ ਮਿਤੱਲ) ਭਾਰਤ ਦੇ ਸਭ ਤੋਂ ਵੱਧ ਪੜ੍ਹੇ ਲਿਖੇ ਮਹਾਨ ਵਿਦਵਾਨ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ ਸਖਤ ਮਿਹਨਤ ਪਿਛੋਂ ਦੇਸ਼ ਦਾ ਸੰਵਿਧਾਨ ਲਿਖਿਆ ਸੀ। ਇਸੇ ਸੰਵਿਧਾਨ ਅਨੁਸਾਰ ਦੇਸ਼ ਵਾਸੀਆਂ ਨੂੰ ਸਾਰੇ ਅਧਿਕਾਰ ਪ੍ਰਾਪਤ ਹੋਏ ਹਨ। ਸਭਨਾਂ ਲਈ ਵੋਟ ਦਾ ਅਧਿਕਾਰ, ਮਜ਼ਦੂਰਾਂ ਲਈ ਕੰਮ ਦੇ ਘੰਟੇ ਨਿਸ਼ਚਤ ਕਰਨਾ ਔਰਤ ਕਰਮਚਾਰੀਆਂ ਲਈ ਮੈਟਰਨਿਟੀ ਲੀਵ ਦੇ ਅਧਿਕਾਰ ਸਮੇਤ ਮੁਢਲੇ ਅਧਿਕਾਰ ਡਾ. ਅੰਬੇਡਕਰ ਦੁਆਰਾ ਲਿਖੇ ਸੰਵਿਧਾਨ ਦੀ ਹੀ ਦੇਣ ਹਨ। ਸਦੀਆਂ ਤੋਂ ਦੱਬੇ ਕੁਚਲੇ ਅਤੇ ਹਰ ਤਰ੍ਹਾਂ ਦੇ ਸ਼ੋਸ਼ਣ ਦਾ ਸ਼ਿਕਾਰ ਅਨੁਸੂਚਿਤ ਜਾਤੀ, ਪੱਛੜੀਆਂ ਸ਼੍ਰੇਣੀਆਂ ਤੇ ਅਨੁਸੂਚਿਤ ਕਬੀਲਿਆਂ ਨੂੰ ਸਮਾਜਿਕ, ਆਰਥਿਕ ਅਤੇ ਰਾਜਨੀਤਕ ਤੌਰ ’ਤੇ ਦੂਸਰਿਆਂ ਦੇ ਬਰਾਬਰ ਸਮਾਜਿਕ ਰੁਤਬਾ ਦਿਵਾਉਣ ਲਈ ਇਹਨਾਂ ਵਰਗਾਂ ਵਾਸਤੇ ਰਿਜ਼ਵੇਸ਼ਨ ਦੀ ਸਹੂਲਤ ਲਾਗੂ ਕੀਤੀ ਹੈ। ਇਸੇ ਰਿਜ਼ਰਵੇਸ਼ਨ ਦੇ ਆਧਾਰ ’ਤੇ ਇਸ ਵਰਗ ਦੇ ਲੋਕਾਂ ਨੇ ਰਿਜ਼ਰਵੇਸ਼ਨ ਦਾ ਲਾਭ ਲਿਆ ਹੈ। ਪਰੰਤੂ ਕੁਝ ਵਿਰੋਧੀ ਮਾਨਸਿਕਤਾ ਵਾਲੇ ਲੋਕਾਂ ਦੀਆਂ ਅੱਖਾਂ ਵਿਚ ਰਿਜਰਵੇਸ਼ਨ ਕੰਡੇ ਵਾਂਗੂ ਚੁਭ ਰਹੀ ਹੈ। ਰਿਜ਼ਰਵੇਸ਼ਨ ਨੂੰ ਖੋਰਾ ਲਾਇਆ ਜਾ ਰਿਹਾ ਹੈ। ਸਰਕਾਰੀ ਨੌਕਰੀਆਂ ਵਿਚ ਇਸ ਨੂੰ ਖਤਮ ਕਰਨ ਦੇ ਨਵੇਂ ਨਵੇਂ ਢੰਗ ਲੱਭੇ ਜਾ ਰਹੇ ਹਨ। ਰਿਜ਼ਰਵੇਸ਼ਨ ਵਿਚ ਰਿਜ਼ਰਵੇਸ਼ਨ (ਰਿਜ਼ਰਵੇਸ਼ਨ ਵਿਦਿਨ ਰਿਜ਼ਰਵੇਸ਼ਨ) ਲਾਗੂ ਕਰਕੇ ਰਾਖਵੇਂਕਰਨ ਦੇ ਮੂਲ ਮੰਤਵ ਨੂੰ ਖਤਮ ਕੀਤਾ ਜਾ ਰਿਹਾ ਹੈ। ਰੋਟਾ ਅਤੇ ਰੋਸਟਰ ਸਿਸਟਮ ਨੂੰ ਮਨਮਾਨੇ ਢੰਗ ਨਾਲ ਲਾਗੂ ਕੀਤਾ ਜਾ ਰਿਹਾ ਹੈ। ਐਨਾ ਹੀ ਨਹੀਂ ਸਮੇਂ ਦੀਆਂ ਸਰਕਾਰਾਂ ਨੇ ਸੰਵਿਧਾਨਕ ਸੋਧਾਂ ਦੇ ਬਹਾਨੇ ਆਮ ਲੋਕਾਂ ਦੇ ਕਾਨੂੰਨੀ ਅਧਿਕਾਰਾਂ ’ਤੇ ਡਾਕਾ ਮਾਰਿਆ ਹੈ। ਸਮਤਾ, ਸਮਾਨਤਾ ਅਤੇ ਭਾਈਚਾਰੇ ਦੇ ਪਹਿਰੇਦਾਰ ਸੰਵਿਧਾਨ ਨੂੰ ਖਤਮ ਕਰਕੇ ਦੇਸ਼ ਨੂੰ ਗੁਲਾਮੀ ਵੱਲ ਲੈ ਜਾਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਦੇ ਚੇਅਰਮੈਨ ਅਤੇ ਆਲ ਇੰਡੀਆ ਐਸ.ਸੀ./ਬੀ.ਸੀ./ਐਸ.ਟੀ. ਏਕਤਾ ਭਲਾਈ ਮੰਚ ਦੇ ਰਾਸ਼ਟਰੀ ਪ੍ਰਧਾਨ ਦਲਿਤ ਰਤਨ ਜਗਦੀਸ਼ ਰਾਏ ਢੋਸੀਵਾਲ ਨੇ ਰਿਜ਼ਰਵੇਸ਼ਨ ਅਤੇ ਸੰਵਿਧਾਨ ਨੂੰ ਸੋਧਾਂ ਦੇ ਬਹਾਨੇ ਖਤਮ ਕਰਨ ਦੀਆਂ ਕੋਸ਼ਿਸ਼ਾਂ ਦੀ ਪੁਰਜੋਰ ਸ਼ਬਦਾਂ ਵਿਚ ਨਿੰਦਾ ਅਤੇ ਅਲੋਚਨਾ ਕੀਤੀ ਹੈ। ਉਹਨਾਂ ਅੱਗੇ ਕਿਹਾ ਹੈ ਕਿ ਅਜੋਕੇ ਸਮੇਂ ਵਿੱਚ ਦੇਸ਼ ਦੇ ਨਾਗਰਿਕ ਨੂੰ ਇਹਨਾਂ ਚਾਲਾਂ ਪ੍ਰਤੀ ਸੁਚੇਤ ਅਤੇ ਜਾਗ੍ਰਿਤ ਹੋਣ ਦੀ ਜਰੂਰਤ ਹੈ। ਰਿਜ਼ਰਵੇਸ਼ਨ ਅਤੇ ਸੰਵਿਧਾਨ ਨੂੰ ਬਚਾਉਣਾ ਹਰ ਦੇਸ਼ ਵਾਸੀ ਦਾ ਮੁਢਲਾ ਫਰਜ਼ ਹੈ। ਢੋਸੀਵਾਲ ਨੇ ਅੱਗੇ ਕਿਹਾ ਹੈ ਕਿ ਜੇ ਵਿਰੋਧੀ ਤਾਕਤਾਂ ਰਿਜ਼ਰਵੇਸ਼ਨ ਅਤੇ ਸੰਵਿਧਾਨ ਨੂੰ ਖਤਮ ਕਰਨ ਦੇ ਆਪਣੇ ਮਨਸੂਬਿਆਂ ਵਿਚ ਸਫਲ ਹੋ ਜਾਂਦੀਆਂ ਹਨ ਤਾਂ ਡਾ. ਅੰਬੇਡਕਰ ਦੇ ਸੁਪਨਿਆਂ ’ਤੇ ਆਧਾਰਤ ਸਮਤਾ, ਸਮਾਨਤਾ ਅਤੇ ਭਾਈਚਾਰੇ ਉਪਰ ਆਧਾਰਿਤ ਸਮਾਜ ਦੀ ਕਦੇ ਵੀ ਸਿਰਜਣਾ ਨਹੀਂ ਹੋ ਸਕੇਗੀ।




5
8069 views