logo

ਡੇਂਗੂ ਤੋਂ ਬਚਾਅ ਲਈ ਹਰ ਸ਼ੁੱਕਰਵਾਰ ਨੂੰ ਡਰਾਈ ਡੇਅ ਮਨਾਉਣਾ ਅਤਿ ਜਰੂਰੀ

ਰੂਪਨਗਰ। ਡੇਂਗੂ ਦੇ ਵੱਧ ਰਹੇ ਮਾਮਲਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਚਾਅ ਲਈ ਹਰ ਸ਼ੁੱਕਰਵਾਰ ਨੂੰ ਡਰਾਈ ਡੇਅ ਮਨਾਉਣਾ ਅਤਿ ਜਰੂਰੀ ਹੈ ਤਾਂ ਜੋ ਮੱਛਰਾਂ ਦੀ ਪੈਦਾਵਾਰ ਨੂੰ ਰੋਕਿਆ ਜਾ ਸਕੇ।

ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਰੂਪਨਗਰ ਡਾ. ਪਰਮਿੰਦਰ ਕੁਮਾਰ ਨੇ ਦੱਸਿਆ ਕਿ ਹੁਣ ਤੱਕ ਡੇਂਗੂ ਦੇ ਸ਼ਹਿਰੀ ਇਲਾਕਿਆਂ ਵਿਚ 24 ਮਾਮਲੇ ਸਾਹਮਣੇ ਆਏ ਹਨ ਜਦਕਿ ਕੀਰਤਪੁਰ ਵਿੱਚ 13, ਨੂਰਪੁਰਬੇਦੀ ਵਿੱਚ 2, ਭਰਤਗੜ੍ਹ 14 ਅਤੇ ਚਮਕੌਰ ਸਾਹਿਬ ਵਿਖੇ 2 ਮਾਮਲੇ ਰਿਪੋਰਟ ਹੋਏ ਹਨ।

ਇਸ ਸਮੇਂ 5 ਮਰੀਜ਼ ਸਰਕਾਰੀ ਹਸਪਤਾਲਾਂ ਵਿਚ ਅਤੇ 1 ਮਰੀਜ਼ ਪ੍ਰਾਇਵੇਟ ਹਸਪਤਾਲ ਵਿਚ ਦਾਖਲ ਹੈ ਜੋ ਖਤਰੇ ਤੋਂ ਬਾਹਰ ਹਨ। ਉਨ੍ਹਾਂ ਦੱਸਿਆ ਕਿ ਰੂਪਨਗਰ ਜਿਲ੍ਹੇ ਵਿੱਚ ਡੇਂਗੂ ਦੀ ਮੁਫ਼ਤ ਟੈਸਟਿੰਗ ਕੀਤੀ ਜਾਂਦੀ ਹੈ ਅਤੇ ਸਰਕਾਰੀ ਹਸਪਤਾਲਾਂ ਵਿੱਚ ਡੇਂਗੂ ਦੀ ਟੈਸਟਿੰਗ ਕਰਨ ਵਾਲੀਆਂ ਕਿੱਟਾਂ ਦੀ ਕੋਈ ਕਮੀ ਨਹੀਂ ਹੈ।

ਉਨ੍ਹਾਂ ਇਹ ਵੀ ਦੱਸਿਆ ਕਿ ਜਿਲ੍ਹਾ ਹਸਪਤਾਲ ਸਮੇਤ ਸਾਰੇ ਸਰਕਾਰੀ ਹਸਪਤਾਲਾਂ ਵਿਚ ਡੇਂਗੂ ਵਾਰਡ ਬਣਾਏ ਗਏ ਹਨ ਤਾਂ ਜੋ ਪ੍ਰਭਾਵਿਤ ਮਰੀਜ਼ਾਂ ਨੂੰ ਤੁਰੰਤ ਇਲਾਜ ਮੁਹੱਈਆ ਕਰਵਾਇਆ ਜਾ ਸਕੇ। ਡਾ. ਪਰਮਿੰਦਰ ਕੁਮਾਰ ਨੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਹਫ਼ਤੇ ਵਿੱਚ ਹਰ `ਸ਼ੁੱਕਰਵਾਰ ਨੂੰ ਡਰਾਈ ਡੇਅ` ਦੇ ਤੌਰ ਤੇ ਮਨਾਇਆ ਜਾਂਦਾ ਹੈ।

ਇਸ ਲਈ ਆਪਣੇ ਘਰ ਜਾਂ ਆਲੇ-ਦੁਆਲੇ ਕੂਲਰਾਂ, ਗਮਲਿਆਂ ਜਾਂ ਹੋਰ ਸਮਾਨ ਵਿੱਚ ਖੜ੍ਹੇ ਪਾਣੀ ਨੂੰ ਡੋਲ੍ਹਿਆ ਜਾਵੇ। ਉਨ੍ਹਾਂ ਦੱਸਿਆ ਕਿ ਡੇਂਗੂ ਅਤੇ ਮਲੇਰੀਆਂ, ਐਪੀਡੈਮਿਕ ਡਿਸੀਜ਼ ਐਕਟ 1897 ਦੇ ਅਧੀਨ ਨੋਟੀਫਾਈਡ ਹਨ।

ਇਸ ਲਈ ਜਿਲ੍ਹੇ ਦੇ ਸਮੂਹ ਨਿੱਜੀ ਹਸਪਤਾਲਾਂ ਵੱਲੋਂ ਡੇਂਗੂ ਅਤੇ ਮਲੇਰੀਆਂ ਦੇ ਕੇਸ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨੂੰ ਰਿਪੋਰਟ ਕਰਨੇ ਜਰੂਰੀ ਹਨ। ਸਿਵਲ ਸਰਜਨ ਨੇ ਕਈ ਮਾਮਲਿਆਂ ਵਿਚ ਮਰੀਜ਼ਾਂ ਵਲੋਂ ਅਣਗਹਿਲੀ ਵਰਤਣ ਪ੍ਰਤੀ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਜੇਕਰ ਟੈਸਟ ਅਤੇ ਇਲਾਜ ਵਿਚ ਦੇਰੀ ਕੀਤੀ ਜਾਂਦੀ ਹੈ ਤਾਂ ਕਈ ਵਾਰ ਮਰੀਜ਼ ਦੀ ਜਾਨ ਵੀ ਚਲੀ ਜਾਂਦੀ ਹੈ।

ਉਨ੍ਹਾਂ ਕਿਹਾ ਕਿ ਇਸ ਲਈ ਜਰੂਰੀ ਹੈ ਕਿ ਤੇਜ ਬੁਖਾਰ ਆਉਣ, ਸਿਰਦਰਦ, ਮਾਸ ਪੇਸ਼ੀਆਂ ਵਿਚ ਦਰਦ ਅਤੇ ਅੱਖਾ ਦੇ ਪਿਛਲੇ ਹਿੱਸੇ ਵਿਚ ਦਰਦ ਅਤੇ ਮਸੂੜਿਆਂ ਤੇ ਨੱਕ ਵਿਚ ਖੂਨ ਦਾ ਵਗਣਾ ਆਦਿ ਲੱਛਣਾਂ ਦੀ ਸੂਰਤ ਦੀ ਵਿੱਚ ਟੈਸਟ ਲਾਜ਼ਮੀ ਕਰਵਾਇਆ ਜਾਵੇ।

ਉਨ੍ਹਾਂ ਦੱਸਿਆ ਕਿ ਡੇਂਗੂ ਦੇ ਮੱਛਰਾਂ ਦੇ ਖਾਤਮੇ ਲਈ ਬ੍ਰੀਡਿੰਗ ਚੈਕਰਾਂ ਦੀ ਗਿਣਤੀ ਵਧਾ ਦਿੱਤੀ ਗਈ ਹੈ ਅਤੇ ਡੇਂਗੂ ਦੇ ਹਰ ਮਰੀਜ਼ ਦੇ ਘਰ ਦੇ ਆਲੇ-ਦੁਆਲੇ 50-60 ਘਰਾਂ ਵਿੱਚ ਮੱਛਰ ਮਾਰਨ ਵਾਲੀ ਦਵਾਈ ਦੀ ਸਪਰੇਅ ਕਰਵਾਈ ਜਾ ਰਹੀ ਹੈ ਤਾਂ ਜੋ ਡੇਂਗੂ ਦੇ ਫੈਲਾਅ ਨੂੰ ਰੋਕਿਆ ਜਾ ਸਕੇ।

0
16308 views