
Police ਨੇ ਬਾਈਕ ਚੋਰੀ ਗਿਰੋਹ ਦਾ ਕੀਤਾ ਪਰਦਾਫਾਸ਼ ! ਤਿੰਨ ਨੌਜਵਾਨ ਗ੍ਰਿਫਤਾਰ
ਬਟਾਲਾ ਸਿਟੀ ਥਾਣਾ ਪੁਲਿਸ ਵੱਲੋਂ ਚੋਰੀਸ਼ੁਦਾ ਬਾਈਕਾਂ ਦੀ ਵੱਧ ਰਹੀ ਘਟਨਾਵਾਂ ਨੂੰ ਰੋਕਣ ਲਈ ਲਗਾਤਾਰ ਚਲਾਈ ਜਾ ਰਹੀ ਮੁਹਿੰਮ ਦੌਰਾਨ ਇੱਕ ਮਹੱਤਵਪੂਰਨ ਸਫਲਤਾ ਹਾਸਲ ਕੀਤੀ ਗਈ ਹੈ। ਪੁਲਿਸ ਨੇ ਤਿੰਨ ਨੌਜਵਾਨਾਂ ਨੂੰ ਚੋਰੀ ਕੀਤੀਆਂ
ਮੋਟਰਸਾਈਕਲਾਂ ਸਮੇਤ ਗ੍ਰਿਫਤਾਰ ਕਰਕੇ ਇੱਕ ਵੱਡੇ ਗਿਰੋਹ ਦੇ ਪਰਦੇ ਵੀ ਫਾਸ਼ ਕੀਤੇ ਹਨ। ਸਿਟੀ ਥਾਣਾ ਦੇ ਏਐਸਆਈ ਸੁਖਰਾਜ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਪਾਰਟੀ ਸਹਿਰੀ ਥਾਣੇ ਦੇ ਖੇਤਰ ਵਿੱਚ ਰੁਟੀਨ ਗਸ਼ਤ 'ਤੇ ਸੀ। ਗਸ਼ਤ ਦੌਰਾਨ ਪੁਲਿਸ ਦਾ ਧਿਆਨ ਬੈਂਕ ਕਲੋਨੀ ਨੇੜੇ ਕੁਝ ਨੌਜਵਾਨਾਂ ਵੱਲ ਗਿਆ ਜੋ ਬਿਨਾਂ ਨੰਬਰ ਪਲੇਟ ਵਾਲੇ ਮੋਟਰਸਾਈਕਲ 'ਤੇ ਘੁੰਮ ਰਹੇ ਸਨ। ਪੁਲਿਸ ਨੇ ਤੁਰੰਤ ਨਾਕਾਬੰਦੀ ਕਰਕੇ ਉਨ੍ਹਾਂ ਨੂੰ ਰੋਕਿਆ ਅਤੇ ਪੁੱਛਗਿੱਛ ਕੀਤੀ।
ਪੁਲਿਸ ਦੀ ਸਖ਼ਤ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਇਹ ਮੋਟਰਸਾਈਕਲ ਚੋਰੀਸ਼ੁਦਾ ਹਨ ਅਤੇ ਨੌਜਵਾਨ ਕਾਫੀ ਸਮੇਂ ਤੋਂ ਇਸ ਤਰ੍ਹਾਂ ਦੀਆਂ ਗਤਿਵਿਧੀਆਂ ਵਿੱਚ ਲਿੱਪਤ ਹਨ। ਮੌਕੇ 'ਤੇ ਹੀ ਪੁਲਿਸ ਨੇ ਤਿੰਨਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਤੋਂ ਜਾਂਚ ਦੌਰਾਨ ਦੋ ਹੋਰ ਬਾਈਕਾਂ ਵੀ ਬਰਾਮਦ ਕੀਤੀਆਂ ਗਈਆਂ, ਜਿਨ੍ਹਾਂ ਦੇ ਦਸਤਾਵੇਜ਼ ਨਹੀਂ ਮਿਲੇ।
ਏਐਸਆਈ ਸੁਖਰਾਜ ਸਿੰਘ ਨੇ ਕਿਹਾ ਕਿ ਇਹ ਨੌਜਵਾਨ ਮੋਟਰਸਾਈਕਲਾਂ ਦੀ ਚੋਰੀ ਕਰਕੇ ਉਨ੍ਹਾਂ ਨੂੰ ਵੱਖ-ਵੱਖ ਖੇਤਰਾਂ ਵਿੱਚ ਸਸਤੇ ਦਾਮਾਂ 'ਤੇ ਵੇਚਣ ਦੀ ਕੋਸ਼ਿਸ਼ ਕਰਦੇ ਸਨ। ਇਹ ਵੀ ਪਤਾ ਲੱਗਾ ਕਿ ਕੁਝ ਸਮੇਂ ਤੋਂ ਸਿਟੀ ਅਤੇ ਪਿੰਡਾਂ ਵਿੱਚ ਬਾਈਕ ਚੋਰੀ ਦੀਆਂ ਸ਼ਿਕਾਇਤਾਂ ਵੱਧ ਰਹੀਆਂ ਸਨ, ਜਿਸ ਤੋਂ ਬਾਅਦ ਪੁਲਿਸ ਨੇ ਖ਼ਾਸ ਟੀਮਾਂ ਤੈਨਾਤ ਕੀਤੀਆਂ ਹੋਈਆਂ ਸਨ।
ਪੁਲਿਸ ਨੇ ਤਿੰਨਾਂ ਨੌਜਵਾਨਾਂ ਖਿਲਾਫ ਧਾਰਾ 303 (2) ਅਤੇ 317 (2) ਬੀਐਨਐਸ ਤਹਿਤ ਕੇਸ ਦਰਜ ਕਰ ਲਿਆ ਹੈ ਅਤੇ ਅਗਲੀ ਜਾਂਚ ਜਾਰੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ ਕਿਉਂਕਿ ਸ਼ੱਕ ਹੈ ਕਿ ਇਹ ਨੌਜਵਾਨ ਕਿਸੇ ਵੱਡੇ ਗਿਰੋਹ ਦਾ ਹਿੱਸਾ ਹੋ ਸਕਦੇ ਹਨ। ਪੁਲਿਸ ਮੋਬਾਈਲ ਫੋਨਾਂ, ਸਿਆਸੀਟੀਵੀ ਫੁਟੇਜ ਅਤੇ ਕਾਲ ਡਿਟੇਲ ਰਿਕਾਰਡ ਦੀ ਵੀ ਜਾਂਚ ਕਰ ਰਹੀ ਹੈ।
ਪੁਲਿਸ ਨੇ ਇਸ ਕਾਰਵਾਈ ਤੋਂ ਬਾਅਦ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀਆਂ ਮੋਟਰਸਾਈਕਲਾਂ ਨੂੰ ਸੁਰੱਖਿਅਤ ਢੰਗ ਨਾਲ ਖੜ੍ਹਾ ਕਰਨ ਅਤੇ ਕਿਸੇ ਵੀ ਸ਼ੱਕੀ ਵਿਅਕਤੀ ਬਾਰੇ ਤੁਰੰਤ ਪੁਲਿਸ ਨੂੰ ਸੂਚਨਾ ਦੇਣ। ਇਸ ਕਾਰਵਾਈ ਨਾਲ ਨਾ ਸਿਰਫ਼ ਚੋਰੀ ਦੀਆਂ ਘਟਨਾਵਾਂ 'ਤੇ ਕੰਟਰੋਲ ਮਿਲਿਆ ਹੈ, ਸਗੋਂ ਸ਼ਹਿਰ ਵਿੱਚ ਕਾਨੂੰਨ-ਵਿਵਸਥਾ ਨੂੰ ਮਜ਼ਬੂਤੀ ਵੀ ਮਿਲੀ ਹੈ। ਪੁਲਿਸ ਅਜੇ ਵੀ ਇਸ ਮਾਮਲੇ ਨਾਲ ਜੁੜੇ ਹੋਰ ਲੋਕਾਂ ਦੀ ਤਲਾਸ਼ ਕਰ ਰਹੀ ਹੈ।