logo

ਉਸੀ ਨੇ ਆਗ ਲਗਾਈ ਹੈ ਸਾਰੀ ਬਸਤੀ ਮੇਂ, ਵਹੀ ਯੇਹ ਪੂਛ ਰਹਾ ਹੈ-ਕਿ ਮਾਜਰਾ ਕਿਆ ਹੈ। ਜਦ ਇਨਸਾਨ ਦਾ ਵਜੂਦ ਬੇਨਕਾਬ ਹੋ ਜਾਂਦਾ ਹੈ ਤਾਂ ਉਸ ਦਾ ਵਜੂ

ਉਸੀ ਨੇ ਆਗ ਲਗਾਈ ਹੈ ਸਾਰੀ ਬਸਤੀ ਮੇਂ,
ਵਹੀ ਯੇਹ ਪੂਛ ਰਹਾ ਹੈ-ਕਿ ਮਾਜਰਾ ਕਿਆ ਹੈ।
ਜਦ ਇਨਸਾਨ ਦਾ ਵਜੂਦ ਬੇਨਕਾਬ ਹੋ ਜਾਂਦਾ ਹੈ ਤਾਂ ਉਸ ਦਾ ਵਜੂਦ ਤੇ ਜ਼ੁਬਾਨ ਲੜਖੜਾਉਣ ਲੱਗ ਪੈਂਦੇ ਹਨ ਪਰ ਜੇ ਭਾਸ਼ਾ ਹੀ ਬਦਲ ਜਾਵੇ ਤਾਂ ਉਹ ਮੁਕੰਮਲ ਰੂਪ ਵਿਚ ਉਲਝਿਆ ਹੋਇਆ, ਸਿਰੇ ਦਾ ਝੂਠਾ ਅਤੇ ਖ਼ੁਦ ਦੇ ਕਾਬੂ ਤੋਂ ਬਾਹਰ ਹੋਇਆ ਪ੍ਰਤੀਤ ਹੁੰਦਾ ਹੈ। ਜਦ ਅੰਗਰੇਜ਼ੀ ਨਾ ਜਾਣਨ ਵਾਲਾ ਵਿਅਕਤੀ ਕਿਸੇ ਅੰਗਰੇਜ਼ ਨਾਲ ਅੰਗਰੇਜ਼ੀ ਵਿਚ ਗੱਲ ਕਰਨ ਦੀ ਕੋਸਿ਼ਸ਼ ਕਰਦਾ ਹੈ ਤਾਂ ਉਹ ਕਈ ਬਾਰ ਅੰਗਰੇਜ਼ੀ ਲਫ਼ਜ਼ਾਂ ਦੀ ਬਜਾਏ ਹਿੰਦੀ ਬੋਲਣੀ ਆਰੰਭ ਕਰ ਦਿੰਦਾ ਹੈ। ਕਈ ਪਛੜੇ ਖੇਤਰ ਵਿਚ ਰਹਿੰਦੇ ਲੋਕ ਸ਼ਹਿਰਾਂ ਵਿਚ ਜਾ ਕੇ ਨਵੇਂ ਲੋਕਾਂ ਨੂੰ ਵੇਖ ਕੇ ਹਿੰਦੀ ਬੋਲਣ ਦੀ ਕੋਸਿ਼ਸ਼ ਕਰਦੇ ਹਨ। ਉਹ ਹਿੰਦੀ ਕਿਹੋ ਜਿਹੀ ਬੋਲਦੇ ਹਨ, ਇਹ ਸਾਨੂੰ ਸਭ ਨੂੰ ਪਤਾ ਹੈ। ਅਸਲ ਵਿਚ ਉਹ ਅਪਣੇ ਕੰਟਰੋਲ ਤੋਂ ਬਾਹਰ ਹੋ ਜਾਂਦੇ ਹਨ। ਸਾਡੇ ਹੁਕਮਰਾਨ ਦੀ ਹਾਲਤ ਵੀ ਕੁੱਝ ਇਸੇ ਤਰ੍ਹਾਂ ਦੀ ਹੈ। ਉਸ ਦਾ ਰਿਮੋਰਟ ਕੰਟਰੋਲ ਵੀ ਕਿਸੇ ਹੋਰ ਦੇ ਹੱਥ ਵਿਚ ਹੈ। ਘਬਰਾਹਟ, ਲੜਖੜਾਈ ਜ਼ੁਬਾਨ ਸਾਨੂੰ ਬਹੁਤ ਕੁੱਝ ਆਖ ਗਈ ਹੈ। ਚਾਰ ਦਿਨਾਂ ਦੀ ਲੰਬੀ ਚੁੱਪ ਤੋਂ ਬਾਅਦ ਜਦ ਸਾਡੇ ਹੁਕਮਰਾਨ ਨੇ ਲਾਈਵ ਹੋ ਕੇ ਵੀਡੀਊ ਰਿਕਾਰਡ ਕੀਤੀ ਤਾਂ ਉਸ ਨੇ ਮਾਂ ਦੀ ਬਜਾਏ ਮਾਸੀ ਦਾ ਸਹਾਰਾ ਲਿਆ। ਇੰਝ ਜਾਪ ਰਿਹਾ ਸੀ ਜਿਵੇਂ ਉਸ ਦੀ ਮਾਂ-ਬੋਲੀ ਨੂੰ ਕਿਸੇ ਨੇ ਅਗ਼ਵਾ ਕਰ ਲਿਆ ਹੋਵੇ ਤੇ ਉਸ ਨੇ ਗੁਆਂਢੀ ਦੀ ਮਾਂ ਨੂੰ ਮਾਂ ਆਖ ਦਿਤਾ ਹੋਵੇ। ਜ਼ੁਲਮ, ਅਤਿਆਚਾਰ ਅਤੇ ਜਿ਼ਆਦਤੀ ਦੀ ਭਾਸ਼ਾ ਇਸ ਦੇਸ਼ ਵਿਚ ਅੰਗਰੇਜ਼ੀ ਰਹੀ ਹੈ ਪਰ ਇਹ ਪਹਿਲੀ ਬਾਰ ਹੋਇਆ ਹੈ ਕਿ ਇਕ ਪੰਜਾਬੀ ਮੁੱਖ ਮੰਤਰੀ ਨੇ ਪੰਜਾਬੀ ਦੀ ਬਜਾਏ, ਹਿੰਦੀ ਭਾਸ਼ਾ ਵਿਚ ਪੰਜਾਬੀਆਂ ਨੂੰ ਸੰਬੋਧਨ ਕੀਤਾ। ਉਸ ਨੇ ਓਪਰੇਪਣ, ਪਰਾਏਪਣ ਅਤੇ ਪੰਜਾਬੀਆਂ ਤੋਂ ਦੂਰੀਆਂ ਦਾ ਸੰਦੇਸ਼ ਦਿਤਾ ਹੈ। ਉਸ ਦਾ ਦਿਲ ਤਾਂ ਜਾਣ ਚੁੱਕਾ ਹੈ ਕਿ ਉਹ ਅਪਣੇ ਪੰਜਾਬੀ ਲੋਕਾਂ ਲਈ ਨਹੀਂ ਬਲਕਿ ਕਿਸੇ ਹੋਰ ਦੀ ਕਠ-ਪੁਤਲੀ ਬਣ ਕੇ, ਕਿਸੇ ਹੋਰ ਲਈ ਹੀ ਕੰਮ ਕਰ ਰਿਹਾ ਹੈ। ਉਹ ਸ਼ਾਇਦ ਪੰਜਾਬੀਆਂ ਦੀ ਬਜਾਏ, ਯਮੁਨਾ ਪਾਰ ਦੇ ਲੋਕਾਂ ਦਾ ਜਿ਼ਆਦਾ ਖਿ਼ਆਲ ਰੱਖਣਾ ਚਾਹੁੰਦਾ ਹੈ, ਉਨ੍ਹਾਂ ਅੱਗੇ ਖ਼ੁਦ ਨੂੰ ਕੱਟੜ ਦੇਸ਼-ਭਗਤ ਅਤੇ ਕੱਟੜ ਇਮਾਨਦਾਰ ਸਾਬਤ ਕਰਨਾ ਚਾਹੁੰਦਾ ਹੈ। ਐਮਰਜੈਂਸੀ ਹਾਲਾਤ ਵਿਚ ਸਾਰਾ ਕੁੱਝ ਕੇਂਦਰੀ ਹਕੂਮਤ ਦੇ ਅਧੀਨ ਚਲਿਆ ਜਾਂਦਾ ਹੈ, ਪੰਜਾਬ ਦਾ ਮੁੱਖ ਮੰਤਰੀ ਵੀ ਕੇਂਦਰੀ ਹਕੂਮਤ ਦੇ ਅਧੀਨ ਚਲਿਆ ਗਿਆ ਜਾਪਦਾ ਹੈ ਕਿਉਂਕਿ ਪੰਜਾਬ ਵਿਚ ਅਣ-ਐਲਾਨ ਕੀਤੀ ਐਮਰਜੈਂਸੀ ਤਾਂ ਉਸੇ ਦਿਨ ਲੱਗ ਗਈ ਸੀ ਜਿਸ ਦਿਨ ਮੁੱਖ ਮੰਤਰੀ, ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲ ਕੇ ਆਏ ਸਨ। ਹੁਣ ਉਦੋਂ ਤਕ ਹਿੰਦੀ ਹੀ ਬੋਲੀ ਜਾਵੇਗੀ ਜਦ ਤਕ ਇਹ ਐਮਰਜੈਂਸੀ ਹਟ ਨਹੀਂ ਜਾਂਦੀ। ਰਾਘਵ ਚੱਡਾ ਅਤੇ ਅਰਵਿੰਦ ਕੇਜਰੀਵਾਲ ਪੰਜਾਬ ਵਿਚ ਆਉਣ ਸਮੇਂ ਦਸਤਾਰ ਸਜਾ ਕੇ ਪੰਜਾਬੀ ਬੋਲਣ ਦੀ ਕੋਸਿ਼ਸ਼ ਕਰਦੇ ਹਨ ਪਰ ਸਾਡਾ ਮੁੱਖ ਮੰਤਰੀ ਤਣਾਅ ਭਰੇ ਮਾਹੌਲ ਵਿਚ ਵੀ ਪੰਜਾਬੀ ਦੀ ਬਜਾਏ ਹਿੰਦੀ ਵਿਚ ਪੰਜਾਬੀਆਂ ਨੂੰ ਸੰਬੋਧਨ ਕਰਕੇ ਜ਼ਖ਼ਮਾਂ ਦੀ ਟੀਸ ਹੋਰ ਵਧਾ ਰਿਹਾ ਹੈ। ਪਿਛਲੇ ਚਾਰ ਦਿਨ ਤੋਂ ਸੂਬੇ ਵਿਚ ਦਹਿਸ਼ਤ ਫੈਲਾਈ ਗਈ। ਇਕ ਸਾਧਾਰਣ ਮਨੁੱਖ ਭਾਈ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਨ ਦੀ ਕੋਸਿ਼ਸ਼ ਤੋਂ ਬਾਅਦ ਇੰਟਰਨੈੱਟ ਬੰਦ ਕਰ ਦਿਤਾ ਗਿਆ। ਸੋਸ਼ਲ ਮੀਡੀਆ ਬੰਦ ਹੋ ਗਿਆ। ਪੈਸੇ ਦਾ ਆਨ-ਲਾਈਨ ਅਦਾਨ-ਪ੍ਰਦਾਨ ਬੰਦ ਹੋ ਗਿਆ। ਆਨ-ਲਾਈਨ ਕੰਮ ਕਰਨ ਵਾਲੀਆਂ ਕੰਪਨੀਆਂ ਨੂੰ ਨੁਕਸਾਨ ਉਠਾਉਣਾ ਪਿਆ। ਕੌਣ ਜਿ਼ੰਮੇਦਾਰ ਹੈ? ਹਾਲਾਂਕਿ ਜਿਵੇਂ ਪੁਲਿਸ ਆਮ ਅਪਰਾਧ ਕਰਨ ਵਾਲੇ ਲੋਕਾਂ ਨੂੰ ਗ੍ਰਿਫ਼ਤਾਰ ਕਰਦੀ ਹੈ, ਉਸੇ ਤਰ੍ਹਾਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਵੀ ਫੜਿਆ ਜਾ ਸਕਦਾ ਸੀ ਪਰ ਉਸ ਦੇ ਨਾਮ ਉਪਰ ਦਹਿਸ਼ਤ ਦਾ ਮਾਹੌਲ ਪੈਦਾ ਕਰਕੇ, ਸੂਬੇ ਦਾ ਅਕਸ ਖ਼ਰਾਬ ਕਰਨ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ। ਲਾਰੈਂਸ ਬਿਸਨੋਈ ਵਰਗੇ ਗੈਂਗਸਟਰ ਜੇਲਾਂ ਵਿਚੋਂ ਇੰਟਰਵਿਊ ਦੇਣ ਵਿਚ ਕਾਮਯਾਬ ਹੋ ਗਏ, ਉਸ ਵਿਰੁਧ ਕੋਈ ਕਾਰਵਾਈ ਨਹੀਂ ਹੋਈ। ਪੰਜਾਬੀਆਂ ਨੂੰ ਇਕ ਗੱਲ ਜ਼ਰੂਰ ਸਪੱਸ਼ਟ ਹੋ ਗਈ ਕਿ ਉਨ੍ਹਾਂ ਦੀ ਬਦਲਾਅ ਲਿਆਉਣ ਦੀ ਜਿ਼ੱਦ ਦੇ ਨਤੀਜੇ ਭਿਆਨਕ ਹੀ ਨਿਕਲ ਰਹੇ ਹਨ। ਕਾਂਗਰਸ ਦੀਆਂ ਸਰਕਾਰਾਂ ਵਿਚ ਸਿੱਖ ਨੌਜੁਆਨਾਂ ਦੇ ਪੰਜਾਬ ਵਿਚ ਝੂਠੇ ਮੁਕਾਬਲੇ ਬਣਾਏ ਜਾਂਦੇ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਸਿੱਖ ਨੌਜੁਆਨਾਂ ਨੂੰ ਆਸਾਮ ਵਰਗੇ ਦੂਰ-ਦੁਰਾਡੇ ਦੇ ਰਾਜ ਵਿਚ ਲਿਜਾਣ ਲਈ ਕੇਂਦਰੀ ਏਜੰਸੀਆਂ ਦੇ ਹਵਾਲੇ ਕਰ ਰਹੀ ਹੈ। ਆਸਾਮ ਵਿਚ ਬੰਦੀ ਕੇਂਦਰ (ਡੀਟੈਂਨਸ਼ਨ ਸੈਂਟਰ) ਬਣਾਏ ਜਾਣ ਦੀਆਂ ਰਿਪੋਰਟਾਂ ਬੀਬੀਸੀ ਵੀ ਨਸ਼ਰ ਕਰ ਚੁੱਕਾ ਹੈ ਜਿਥੇ ਘੁਸਪੈਠ ਦੇ ਨਾਮ ਉਪਰ ਮੁਸਲਮਾਨਾਂ ਨੂੰ ਰੱਖਿਆ ਗਿਆ ਹੈ। ਪੰਜਾਬੀਆਂ ਨੂੰ ਡਰ ਹੈ ਕਿ ਉਨ੍ਹਾਂ ਦੇ ਨੌਜੁਆਨਾਂ ਨੂੰ ਵੀ ਕਿਤੇ, ਭਗੌੜੇ ਐਲਾਨ ਕਰਕੇ, ਬੰਦੀ ਕੇਂਦਰਾਂ ਵਿਚ ਹੀ ਨਾ ਸੁੱਟ ਦਿਤਾ ਜਾਵੇ। 92 ਵਿਧਾਇਕਾਂ ਵਿਚੋਂ ਕੋਈ ਇਕ ਵੀ ਇਹ ਤਾਕਤ ਨਹੀਂ ਰੱਖਦਾ ਕਿ ਉਹ ਅਪਣੀ ਸਰਕਾਰ ਨੂੰ ਕੇਂਦਰ ਕੋਲ ਗਹਿਣੇ ਰੱਖਣ ਦਾ ਵਿਰੋਧ ਕਰ ਸਕੇ। ਉਨ੍ਹਾਂ ਨੂੰ ਇਸ ਗੱਲ ਦਾ ਵੀ ਡਰ ਨਹੀਂ ਕਿ ਜਦ ਉਹ ਪਿੰਡਾਂ ਜਾਂ ਸ਼ਹਿਰਾਂ ਵਿਚ ਆਮ ਲੋਕਾਂ ਵਿਚ ਵਿਚਰਨਗੇ ਤਾਂ ਕੀ ਜਵਾਬ ਦੇਣਗੇ? ਇਸੇ ਲਈ ਕਿਹਾ ਜਾਂਦਾ ਹੈ ਕਿ ਨੇਤਾ ਚੁਣਨ ਸਮੇਂ ਬੇਹੱਦ ਸਿਆਣਪ ਤੋਂ ਕੰਮ ਲੈਣਾ ਚਾਹੀਦਾ ਹੈ। ਡਰਪੋਕਾਂ ਅਤੇ ਬੇਹਿੰਮਤੀਆਂ ਦੀ ਫ਼ੌਜ ਕਦੇ ਇਨਸਾਫ਼ ਨਹੀਂ ਕਰ ਸਕਦੀ।
ਜ਼ਾਹਿਦਾ ਸੁਲੇਮਾਨ
https://www.facebook.com/IndianFirst71

22
7578 views
  
1 shares