logo

ਪੰਜਾਬ ਪੁਲਿਸ ਨੇ 24 ਘੰਟਿਆਂ ਅੰਦਰ ਸੁਲਝਾਇਆ ਲੁਧਿਆਣਾ ਬਲਾਸਟ ਕੇਸ - ਮਿ੍ਰਤਕ ਬਰਖਾਸਤ ਪੁਲਿਸ ਕਰਮਚਾਰੀ ਦੇ ਪਾਕਿਸਤਾਨ ਅਧਾਰਤ ਖਾਲਿਸਤਾਨ ਪੱਖੀ ਤ

ਪੰਜਾਬ ਪੁਲਿਸ ਨੇ 24 ਘੰਟਿਆਂ ਅੰਦਰ ਸੁਲਝਾਇਆ ਲੁਧਿਆਣਾ ਬਲਾਸਟ ਕੇਸ

- ਮਿ੍ਰਤਕ ਬਰਖਾਸਤ ਪੁਲਿਸ ਕਰਮਚਾਰੀ ਦੇ ਪਾਕਿਸਤਾਨ ਅਧਾਰਤ ਖਾਲਿਸਤਾਨ ਪੱਖੀ ਤੱਤਾਂ ਨਾਲ ਸਬੰਧ ਹੋਣ ਦਾ ਸ਼ੱਕ

-ਪੂਰੀ ਸਾਜਿਸ ਦਾ ਪਰਦਾਫਾਸ ਕਰਨ ਲਈ ਪੁਲਿਸ ਨੂੰ ਵੱਖ ਵੱਖ ਪੜਾਵਾਂ ’ਤੇ ਮਿਲੀ ਸਫ਼ਲਤਾ

 

- ਡੀਜੀਪੀ ਸਿਧਾਰਥ ਚਟੋਪਾਧਿਆਏ ਨੇ 24 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਲੁਧਿਆਣਾ ਬਲਾਸਟ ਕੇਸ ਨੂੰ ਸਫਲਤਾਪੂਰਵਕ ਸੁਲਝਾਉਣ ਲਈ ਪੰਜਾਬ ਪੁਲਿਸ ਨੂੰ ਦਿੱਤੀ ਵਧਾਈ

 

ਸੂਬੇ ਵਿੱਚ ਸੁਰੱਖਿਅਤ ਅਤੇ ਸਾਂਤੀਪੂਰਨ ਮਾਹੌਲ ਬਣਾ ਕੇ ਰੱਖਣਾ ਸਾਡੀ ਤਰਜੀਹ: ਡੀ.ਜੀ.ਪੀ.

 

ਚੰਡੀਗੜ/ਲੁਧਿਆਣਾ, 25 ਦਸੰਬਰ:

 ਪੰਜਾਬ ਪੁਲਿਸ ਨੇ 24 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਲੁਧਿਆਣਾ ਕੋਰਟ ਵਿੱਚ ਹੋਏ ਬੰਬ ਧਮਾਕੇ ਦੇ ਮਾਮਲੇ ਨੂੰ ਸੁਲਝਾਉਣ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਪੁਲਿਸ ਵੱਲੋਂ ਮਿ੍ਰਤਕ ਦੀ ਪਛਾਣ ਗਗਨਦੀਪ ਸਿੰਘ (31) ਵਾਸੀ ਖੰਨਾ ਵਜੋਂ ਕੀਤੀ ਗਈ ਹੈ, ਜੋ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਵਜੋਂ ਭਰਤੀ ਹੋਇਆ ਸੀ ਅਤੇ ਉਸ ਦੇ ਕਬਜੇ ’ਚੋਂ 385 ਗ੍ਰਾਮ ਹੈਰੋਇਨ ਬਰਾਮਦ ਹੋਣ ਉਪਰੰਤ ਉਸਨੂੰ ਅਗਸਤ 2019 ਵਿੱਚ ਬਰਖਾਸਤ ਕਰ ਦਿੱਤਾ ਗਿਆ ਸੀ। ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ), ਪੰਜਾਬ ਸਿਧਾਰਥ ਚਟੋਪਾਧਿਆਏ ਨੇ ਅੱਜ ਇੱਥੇ ਪੰਜਾਬ ਪੁਲਿਸ ਹੈੱਡਕੁਆਰਟਰ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ, “ਮੈਨੂੰ ਪੰਜਾਬ ਪੁਲਿਸ ‘ਤੇ ਮਾਣ ਹੈ, ਜਿਸ ਨੇ ਲੁਧਿਆਣਾ ਬੰਬ ਧਮਾਕੇ ਦੇ ਕੇਸ ਨੂੰ 24 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਸਫਲਤਾਪੂਰਵਕ ਸੁਲਝਾ ਲਿਆ ਹੈ।” ਜਾਣਕਾਰੀ ਮੁਤਾਬਕ ਵੀਰਵਾਰ ਨੂੰ ਲੁਧਿਆਣਾ ਦੇ ਜ਼ਿਲਾ ਕੋਰਟ ਕੰਪਲੈਕਸ ਦੇ ਜਨਤਕ ਪਖਾਨੇ ’ਚ ਵੱਡਾ ਧਮਾਕਾ ਹੋਇਆ, ਜਿਸ ਵਿੱਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 6 ਹੋਰ ਜਖਮੀ ਹੋ ਗਏ। ਜਦੋਂ ਧਮਾਕਾ ਹੋਇਆ ਤਾਂ ਜ਼ਿਲਾ ਅਦਾਲਤ ਦੀ ਕਾਰਵਾਈ ਆਮ ਵਾਂਗ ਚੱਲ ਰਹੀ ਸੀ ਅਤੇ ਇਹ ਧਮਾਕਾ ਇੰਨਾ ਜਬਰਦਸਤ ਸੀ ਕਿ ਜਨਤਕ ਪਖ਼ਾਨੇ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਅਤੇ ਇਮਾਰਤ ਦੀਆਂ ਕਈ ਖਿੜਕੀਆਂ ਦੇ ਸੀਸੇ ਚਕਨਾਚੂਰ ਹੋ ਗਏ।ਡੀਜੀਪੀ ਸਿਧਾਰਥ ਚਟੋਪਾਧਿਆਏ ਨੇ ਦੱਸਿਆ ਕਿ ਪੋਸਟ ਮਾਰਟਮ ਦੌਰਾਨ ਪੁਲਿਸ ਮਰਨ ਵਾਲੇ ਵਿਅਕਤੀ ਦੀ ਸੱਜੀ ਬਾਂਹ ’ਤੇ ਬਣੇ ਟੈਟੂ ਦੇ ਨਿਸ਼ਾਨ ਤੋਂ ਮਿ੍ਰਤਕ ਦੀ ਪਛਾਣ ਕਰ ਸਕੀ। ਉਨਾਂ ਕਿਹਾ ਕਿ ਵੱਖਰੇ ਤੌਰ ’ਤੇ ਲਾਸ ਦੇ ਡੀਐਨਏ ਨਮੂਨੇ ਵੀ ਲਏ ਗਏ। ਉਨਾਂ ਦੱਸਿਆ ਕਿ ਮੁਲਜਮ ਗਗਨਦੀਪ ਸਿੰਘ ਥਾਣਾ ਸਦਰ ਖੰਨਾ ਵਿਖੇ ਮੁਨਸੀ ਵਜੋਂ ਕੰਮ ਕਰਦਾ ਸੀ ਜਿਸ ਦੌਰਾਨ ਉਸ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਅਤੇ ਥਾਣਾ ਐਸ.ਟੀ.ਐਫ, ਐਸ.ਏ.ਐਸ ਨਗਰ ਮੁਹਾਲੀ ਵਿਖੇ ਐਨ.ਡੀ.ਪੀ.ਐਸ. ਤਹਿਤ ਮਾਮਲਾ ਦਰਜ ਕੀਤਾ ਗਿਆ। ਡੀਜੀਪੀ ਨੇ ਦੱਸਿਆ ਕਿ ਇਸ ਕੇਸ ’ਤੇ ਸੁਣਵਾਈ ਚੱਲ ਰਹੀ ਹੈ। ਉਨਾਂ ਦੱਸਿਆ ਕਿ ਉਕਤ ਮਾਮਲੇ ਵਿੱਚ ਲੁਧਿਆਣਾ ਜੇਲ ਵਿੱਚ ਦੋ ਸਾਲ ਬਿਤਾਉਣ ਤੋਂ ਬਾਅਦ ਉਹ ਸਤੰਬਰ 2021 ਵਿੱਚ ਜਮਾਨਤ ’ਤੇ ਰਿਹਾਅ ਹੋ ਗਿਆ ਸੀ ਅਤੇ ਉਸ ਨੇ 24 ਦਸੰਬਰ 2021 ਨੂੰ ਮੁੜ ਅਦਾਲਤ ਵਿੱਚ ਪੇਸ ਹੋਣਾ ਸੀ। ਡੀਜੀਪੀ ਨੇ ਕਿਹਾ ਕਿ ਮੁਢਲੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਮੁਲਜਮ ਗਗਨਦੀਪ ਅਦਾਲਤ ਵਿੱਚ ਡਰ ਅਤੇ ਦਹਿਸਤ ਪੈਦਾ ਕਰਨਾ ਚਾਹੁੰਦਾ ਸੀ। ਇਸ ਘਟਨਾ ਪਿੱਛੇ ਪਾਕਿਸਤਾਨ ਅਧਾਰਤ ਖਾਲਿਸਤਾਨ ਪੱਖੀ ਸਬੰਧਾਂ ਬਾਰੇ ਡੀਜੀਪੀ ਨੇ ਕਿਹਾ ਕਿ ਪੁਲਿਸ ਇਸ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ। ਪੱਤਰਕਾਰ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਡੀਜੀਪੀ ਸਿਧਾਰਥ ਚਟੋਪਾਧਿਆਏ ਨੇ ਕਿਹਾ, “ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸੀ ਗਗਨਦੀਪ ਦੇ ਜੇਲ ਵਿੱਚ ਬੰਦ ਖਾਲਿਸਤਾਨ ਪੱਖੀ ਤੱਤਾਂ ਨਾਲ ਸਬੰਧ ਹੋ ਸਕਦੇ ਹਨ, ਜਿਨਾਂ ਨੇ ਸੂਬੇ ਦੀ ਸਾਂਤੀ ਭੰਗ ਕਰਨ ਦੇ ਇਰਾਦੇ ਨਾਲ ਅਦਾਲਤੀ ਕੰਪਲੈਕਸ ਨੂੰ ਨਿਸਾਨਾ ਬਣਾਉਣ ਲਈ ਦੋਸ਼ੀ ਦੀ ਵਰਤੋਂ ਕੀਤੀ।“ ਡੀਜੀਪੀ ਨੇ ਕਿਹਾ ਕਿ ਧਮਾਕੇ ਲਈ ਵਰਤੀ ਗਈ ਸਮੱਗਰੀ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਕਿਉਂਕਿ ਨਮੂਨੇ ਫੋਰੈਂਸਿਕ ਲੈਬ ਨੂੰ ਭੇਜੇ ਗਏ ਹਨ। ੳਨਾਂ ਕਿਹਾ, “ਐਨਐਸਜੀ ਦੀ ਇੱਕ ਟੀਮ ਅਤੇ ਸੂਬੇ ਦੇ ਫੋਰੈਂਸਿਕ ਮਾਹਰਾਂ ਨੂੰ ਧਮਾਕੇ ਤੋਂ ਬਾਅਦ ਦੀ ਜਾਂਚ ਕਾਰਵਾਈ ਲਈ ਬੁਲਾਇਆ ਗਿਆ।’’ ਡੀਜੀਪੀ ਨੇ ਅੱਗੇ ਕਿਹਾ, ਧਮਾਕੇ ਵਾਲੀ ਥਾਂ ’ਤੇ ਮਲਬੇ ਨੂੰ ਯੋਜਨਾਬੱਧ ਤਰੀਕੇ ਨਾਲ ਹਟਾਉਣ ਦੇ ਦੌਰਾਨ ਫੋਰੈਂਸਿਕ ਟੀਮ ਨੇ ਕੁਝ ਮਹੱਤਵਪੂਰਨ ਸੁਰਾਗ ਜਿਵੇਂ ਕਿ ਨੁਕਸਾਨੇ ਗਏ ਮੋਬਾਈਲ ਸੈੱਟ ਅਤੇ ਮਿ੍ਰਤਕ ਦੇ ਸਰੀਰ ’ਤੇ ਸੜੇ ਹੋਏ ਕੱਪੜੇ ਤੋਂ ਇਲਾਵਾ ਹੋਰ ਸਬੂਤ ਇਕੱਠੇ ਕੀਤੇ। ਜ਼ਿਕਰਯੋਗ ਹੈ ਕਿ ਡੀਜੀਪੀ ਨੇ ਖੁਦ ਵੀ ਉਸ ਕੋਰਟ ਕੰਪਲੈਕਸ ਦਾ ਦੌਰਾ ਕੀਤਾ, ਜਿੱਥੇ ਇਹ ਧਮਾਕਾ ਹੋਇਆ ਸੀ ਅਤੇ ਜ਼ਿਲਾ ਅਤੇ ਸੈਸਨ ਜੱਜ, ਲੁਧਿਆਣਾ ਨਾਲ ਮੀਟਿੰਗ ਕੀਤੀ ਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜਾ ਵੀ ਲਿਆ। ਡੀਜੀਪੀ ਨੇ ਸੁੱਕਰਵਾਰ ਨੂੰ ਫੀਲਡ ਅਧਿਕਾਰੀਆਂ ਨਾਲ ਵੀ ਮੀਟਿੰਗ ਕੀਤੀ ਅਤੇ ਉਨਾਂ ਨੂੰ ਸੂਬੇ ਵਿੱਚ ਕਿਸੇ ਵੀ ਹੋਰ ਅੱਤਵਾਦੀ ਹਮਲੇ ਨੂੰ ਰੋਕਣ ਲਈ ਪੂਰੀ ਚੌਕਸੀ ਰੱਖਣ ਦੇ ਨਿਰਦੇਸ ਦਿੱਤੇ। ਮੁਲਜਮ ਗਗਨਦੀਪ ਦੀ ਪਤਨੀ ਜਸਪ੍ਰੀਤ ਕੌਰ ਅਨੁਸਾਰ ਧਮਾਕੇ ਵਾਲੇ ਦਿਨ ਗਗਨਦੀਪ ਸਵੇਰੇ 9.30 ਵਜੇ ਘਰੋਂ ਨਿਕਲਿਆ ਸੀ ਅਤੇ ਉਸ ਦਾ ਮੋਬਾਈਲ ਉਦੋਂ ਤੋਂ ਬੰਦ ਸੀ। ਉਸਨੇ ਗਗਨਦੀਪ ਦੀ ਬਾਂਹ ’ਤੇ ਬਣੇ ਟੈਟੂ ਦੇ ਨਿਸਾਨ ਅਤੇ ਉਸ ਦੁਆਰਾ ਪਹਿਨੇ ਕੱਪੜਿਆਂ ਨੂੰ ਪਛਾਣ ਲਿਆ। ਇਸ ਸਬੰਧ ਵਿੱਚ ਥਾਣਾ ਡਵੀਜਨ ਨੰਬਰ 5, ਲੁਧਿਆਣਾ ਵਿਖੇ ਭਾਰਤੀ ਦੰਡਾਵਲੀ (ਆਈਪੀਸੀ) ਦੀਆਂ ਧਾਰਾਵਾਂ 302, 307 ਅਤੇ 124-ਏ ਅਤੇ ਵਿਸਫੋਟਕ ਪਦਾਰਥ ਐਕਟ, ਜਨਤਕ ਜਾਇਦਾਦ ਨੂੰ ਨੁਕਸਾਨ ਦੀ ਰੋਕਥਾਮ ਬਾਰੇ ਐਕਟ ਅਤੇ ਗੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਐਫ.ਆਈ.ਆਰ. ਮਿਤੀ 23 ਦਸੰਬਰ, 2021 ਪਹਿਲਾਂ ਹੀ ਦਰਜ ਹੈ। 

0
14635 views